ਚੰਡੀਗੜ੍ਹ: ਹਰਿਆਣਾ ਵਿੱਚ ਝਟਕਾ ਖਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਬੀਜੇਪੀ ਨੂੰ ਸਬਕ ਸਿਖਾ ਸਕਦਾ ਹੈ। ਪੰਜਾਬ ਵਿੱਚ ਬੀਜੇਪੀ ਦੋ ਵਿਧਾਨ ਸਭਾ ਹਲਕਿਆਂ ਤੋਂ ਜ਼ਿਮਨੀ ਚੋਣ ਲੜ ਰਹੀ ਹੈ। ਅਕਾਲੀ ਦਲ ਦੀ ਹੇਠਲੀ ਲੀਡਰਸ਼ਿਪ ਵਿੱਚ ਇਹ ਚਰਚਾ ਹੈ ਕਿ ਜ਼ਿਮਨੀ ਚੋਣ ਵਿੱਚ ਬੀਜੇਪੀ ਨੂੰ ਦੱਸ ਦਿੱਤਾ ਜਾਵੇ ਕਿ ਕੌਣ ਕਿੰਨੇ ਪਾਣੀ ਵਿੱਚ ਹੈ। ਅਕਾਲੀ ਦਲ ਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਬੀਜੇਪੀ ਇਕੱਲੇ ਤੌਰ 'ਤੇ ਕੋਈ ਵੀ ਸੀਟ ਨਹੀਂ ਕੱਢ ਸਕਦੀ।
ਇਸ ਦਾ ਅਸਰ ਬੀਜੇਪੀ ਦੇ ਹਿੱਸੇ ਵਾਲੀਆਂ ਜ਼ਿਮਨੀ ਚੋਣਾਂ ਦੀਆਂ ਦੋ ਸੀਟਾਂ ’ਤੇ ਵੇਖਣ ਨੂੰ ਮਿਲ ਰਿਹਾ ਹੈ। ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਖੁੱਲ੍ਹ ਕੇ ਬੀਜੇਪੀ ਉਮੀਦਵਾਰਾਂ ਨਾਲ ਨਹੀਂ ਚੱਲ ਰਹੇ। ਅਕਾਲੀ ਲੀਡਰ ਇਸ ਗੱਲ ਤੋਂ ਭਰੇ-ਪੀਤੇ ਬੈਠੇ ਹਨ ਕਿ ਬੀਜੇਪੀ ਲੀਡਰਸ਼ਿਪ ਦੇ ਸੀਨੀਅਰ ਲੀਡਰ ਗਿਣਮਿੱਥ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾ ਰਹੇ ਹਨ।
ਦਰਅਸਲ ਹਰਿਆਣਾ ਵਿੱਚ ਬੀਜੇਪੀ ਵੱਲੋਂ ਗੱਠਜੋੜ ਤੋਂ ਇਨਕਾਰ ਕਰਨ ਮਗਰੋਂ ਅਕਾਲੀ ਦਲ ਕਾਫੀ ਔਖਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਵੀ ਬੀਜੇਪੀ ਲੀਡਰ ਹੁਣ ਛੋਟੇ ਦੀ ਬਜਾਏ ਵੱਡਾ ਭਰਾ ਹੋਣ ਦਾ ਦਾਅਵਾ ਕਰਨ ਲੱਗੇ ਹਨ। ਚਰਚਾ ਹੈ ਕਿ ਬੀਜੇਪੀ ਅਕਾਲੀ ਦਲ ਤੋਂ ਵੱਧ ਸੀਟਾਂ ਲੈਣ ਲਈ ਮਾਹੌਲ ਬਣਾ ਰਹੀ ਹੈ। ਇਸ ਲਈ ਜ਼ਿਮਨੀ ਚੋਣਾਂ ਸਬੰਧੀ ਦੋਵਾਂ ਧਿਰਾਂ ’ਚ ਤਣਾਅ ਵਧ ਰਿਹਾ ਹੈ। ਇਸ ਤਣਾਅ ਨੂੰ ਘਟਾਉਣ ਲਈ 5 ਅਕਤੂਬਰ ਨੂੰ ਜਲੰਧਰ ਵਿੱਚ ਤਾਲਮੇਲ ਕਮੇਟੀ ਦੀ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਭਾਜਪਾ ਦੇ ਸੂਬਾਈ ਪ੍ਰਧਾਨ ਸ਼ਵੇਤ ਮਲਿਕ ਸ਼ਾਮਿਲ ਹੋ ਰਹੇ ਹਨ।
ਅਕਾਲੀ ਲੀਡਰ ਇਸ ਗੱਲ਼ੋਂ ਵੀ ਔਖੇ ਹਨ ਕਿ ਜਦੋਂ ਬੀਜੇਪੀ ਲੀਡਰ ਟੀਵੀ ਚੈਨਲਾਂ ’ਤੇ ਚੱਲਦੀ ਬਹਿਸ ਦੌਰਾਨ ਸੁਖਬੀਰ ਬਾਦਲ ਵਿਰੁੱਧ ਹੀ ਬੋਲ ਰਹੇ ਹਨ ਤਾਂ ਉਹ ਬੀਜੇਪੀ ਉਮੀਦਵਾਰਾਂ ਦੇ ਹੱਕ ਵਿੱਚ ਕਿਵੇਂ ਵੋਟਾਂ ਮੰਗ ਸਕਦੇ ਹਨ। ਪੰਜਾਬ ਵਿੱਚ ਹੋ ਰਹੀਆਂ ਚਾਰ ਜ਼ਿਮਨੀ ਚੋਣਾਂ ਵਿੱਚੋਂ ਦੋ ਸੀਟਾਂ ਮੁਕੇਰੀਆਂ ਤੇ ਫਗਵਾੜਾ ਭਾਜਪਾ ਦੇ ਹਿੱਸੇ ਆਉਂਦੀਆਂ ਹਨ। ਦਾਖਾ ਤੇ ਜਲਾਲਾਬਾਦ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਵਾਲੀਆਂ ਸੀਟਾਂ ਹਨ।
ਫਗਵਾੜਾ ਤੇ ਮੁਕੇਰੀਆਂ ਵਿੱਚ ਅਕਾਲੀ ਲੀਡਰਾਂ ਨੇ ਹਾਲ ਦੀ ਘੜੀ ਦੜ ਵੱਟੀ ਹੋਈ ਹੈ। ਉਹ ਬੀਜੇਪੀ ਉਮੀਦਵਾਰਾਂ ਨਾਲ ਚੱਲਣ ਲਈ ਤਿਆਰ ਨਹੀਂ। ਇਨ੍ਹਾਂ ਅਕਾਲੀ ਲੀਡਰਾਂ ਦਾ ਕਹਿਣਾ ਸੀ ਕਿ 5 ਅਕਤੂਬਰ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ ਕਿ ਬੀਜੇਪੀ ਉਮੀਦਵਾਰਾਂ ਦੀ ਹਮਾਇਤ ਕਰਨੀ ਹੈ ਜਾਂ ਨਹੀਂ।
ਹੁਣ ਅਕਾਲੀ ਦਲ ਪੰਜਾਬ 'ਚ ਦੇਵੇਗਾ ਬੀਜੇਪੀ ਨੂੰ ਝਟਕਾ!
ਏਬੀਪੀ ਸਾਂਝਾ
Updated at:
03 Oct 2019 01:56 PM (IST)
ਹਰਿਆਣਾ ਵਿੱਚ ਝਟਕਾ ਖਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਬੀਜੇਪੀ ਨੂੰ ਸਬਕ ਸਿਖਾ ਸਕਦਾ ਹੈ। ਪੰਜਾਬ ਵਿੱਚ ਬੀਜੇਪੀ ਦੋ ਵਿਧਾਨ ਸਭਾ ਹਲਕਿਆਂ ਤੋਂ ਜ਼ਿਮਨੀ ਚੋਣ ਲੜ ਰਹੀ ਹੈ। ਅਕਾਲੀ ਦਲ ਦੀ ਹੇਠਲੀ ਲੀਡਰਸ਼ਿਪ ਵਿੱਚ ਇਹ ਚਰਚਾ ਹੈ ਕਿ ਜ਼ਿਮਨੀ ਚੋਣ ਵਿੱਚ ਬੀਜੇਪੀ ਨੂੰ ਦੱਸ ਦਿੱਤਾ ਜਾਵੇ ਕਿ ਕੌਣ ਕਿੰਨੇ ਪਾਣੀ ਵਿੱਚ ਹੈ। ਅਕਾਲੀ ਦਲ ਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਬੀਜੇਪੀ ਇਕੱਲੇ ਤੌਰ 'ਤੇ ਕੋਈ ਵੀ ਸੀਟ ਨਹੀਂ ਕੱਢ ਸਕਦੀ।
ਪੁਰਾਣੀ ਤਸਵੀਰ
- - - - - - - - - Advertisement - - - - - - - - -