Punjab News : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਫੈਸਲਾ ਕੀਤਾ ਕਿ ਉਹ ਹੜ੍ਹ ਮਾਰੇ ਕਿਸਾਨਾਂ ਵਾਸਤੇ ਨਿਆਂ ਮੰਗਣ ਲਈ ਪਟਿਆਲਾ, ਮਾਨਸਾ ਤੇ ਸ਼ਾਹਕੋਟ ਵਿਚ ਧਰਨੇ ਦੇਵੇਗਾ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਮੁਆਵਜ਼ਾ ਦੇਣ ਤੋਂ ਇਨਕਾਰੀ ਹੈ ਤੇ ਪਾਰਟੀ ਵੱਲੋ਼ 30 ਸਤੰਬਰ ਤੋਂ 45 ਰੋਜ਼ਾ ਪੰਜਾਬ ਬਚਾਓ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਭ੍ਰਿਸ਼ਟ ਆਪ ਸਰਕਾਰ ਨੂੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਾਸਤੇ ਮਜਬੂਰ ਕੀਤਾ ਜਾ ਸਕੇ।


ਅਕਾਲੀ ਦਲ ਦੀ ਕੋਰ ਕਮੇਟੀ, ਜਿਸਦੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਨੇ ਇਹ ਵੀ ਫੈਸਲਾ ਲਿਆ ਕਿ ਮਣੀਪੁਰ ਤੇ ਨੂਹ ਵਿਚ ਪਾਰਟੀ ਵਫਦ ਭੇਜਿਅ ਜਾਵੇਗਾ ਤਾਂ ਜੋ ਹਾਲਾਤ ਦਾ ਜਾਇਜ਼ਾ ਲਿਆ ਜਾ ਸਕੇ ਤੇ ਨਸ਼ਲੀ ਹਿੰਸਾ ਦੇ ਪੀੜਤਾਂ ਵਾਸਤੇ ਇਨਸਾਫ ਮੰਗਿਆ ਜਾ ਸਕੇ।



ਪਾਰਟੀ ਨੇ ਹਰਿਆਣਾ ਦੇ ਨੂਹ ਵਿਚ ਵਾਪਰੀ ਫਿਰਕੂ ਹਿੰਸਾ ਤੇ ਸਰਕਾਰ ਵੱਲੋਂ ਕਾਨੂੰਨ ਵਿਵਸਥਾ ਕਾਇਮ ਰੱਖਣ ਵਿਚ ਨਾਕਾਮ ਰਹਿਣ ਦੀ ਨਿਖੇਧੀ ਕੀਤੀ। ਪਾਰਟੀ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਵੱਲੋਂ ਮਣੀਪੁਰ ਤੇ ਨੂਹ ਦੇ ਪੀੜਤਾਂ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਅਸਫਲ ਰਹਿਣ ਤੇ ਵਿਵਾਦ ਵਾਲੇ ਇਲਾਕਿਆਂ ਵਿਚ ਜਾਣ ਤੋਂ ਅਸਮਰਥ ਰਹਿਣ ਦੀ ਵੀ ਨਿਖੇਧੀ ਕੀਤੀ।

ਕੋਰ ਕਮੇਟੀ ਨੇ ਇਹ ਵੀ ਮੰਗ ਕੀਤੀ ਕਿ ਕੈਬਨਿਟ ਮੰਤਰੀਆਂ ਲਾਲ ਚੰਦ ਕਟਾਰੂਚੱਕ ਤੇ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਇਕ ਬੀ ਡੀ ਪੀ ਓ ਨੂੰ ਤਰੱਕੀ ਦੇ ਕੇ ਉਸਦੀ ਬਦਲੀ ਕਰਵਾਉਣ ਤੇ ਉਸਨੂੰ ਪਠਾਨਕੋਟ ਦੇ ਏ ਡੀ ਸੀ ਦਾ ਚਾਰਜ ਦੁਆ ਕੇ 100 ਏਕੜ ਅਮੀਰ ਪੰਚਾਇਤੀ ਜ਼ਮੀਨ ਰੇਤ ਮਾਫੀਆ ਦੇ ਨਾਂ ਕਰਵਾਉਣ ਦੇ ਘੁਟਾਲੇ ਵਿਚ ਸ਼ਾਮਲ ਹੋਣ ਲਈ ਉਹਨਾਂ ਨੂੰ ਬਰਖ਼ਾਸਤ ਕੀਤਾ ਜਾਵੇ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਮੰਤਰੀਆਂ ਨੂੰ ਭਲਕੇ ਆਜ਼ਾਦੀ ਦਿਹਾੜੇ ’ਤੇ ਕੌਮੀ ਤਿਰੰਗਾ ਲਹਿਰਾਉਣ ਦੀ ਆਗਿਆ ਨਾ ਦਿੱਤੀ ਜਾਵੇ।

ਕਿਸਾਨਾਂ ਅਤੇ ਜਿਹਨਾਂ ਦੇ ਘਰ ਪਿਛਲੇ ਮਹੀਨੇ ਆਏ ਹੜ੍ਹਾਂ ਵਿਚ ਤਬਾਹ ਹੋਏ ਹਨ, ਨਾਲ ਹੋ ਰਹੇ ਅਨਿਆਂ ਦੀ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਾਲੇ ਤੱਕ ਕਿਸੇ ਨੂੰ ਵੀ ਕੋਈ ਮੁਆਵਜ਼ਾ ਨਹੀਂ ਮਿਲਿਆ ਜਦੋਂ ਕਿ ਕਿਸਾਨਾਂ ਦੀ ਆਰਥਿਕ ਹਾਲਾਤ ਵਿਗੜ ਗਈ ਹੈ। ਉਹਨਾਂ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਦੀ ਝੋਨੇ ਦੀ ਖੜ੍ਹੀ ਫਸਲ ਤਬਾਹ ਹੋਈ ਹੈ, ਉਹਨਾਂ ਸਾਰਿਆਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।

ਉਹਨਾਂ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਹੜ੍ਹਾਂ ਵਿਚ ਜਿਹਨਾਂ ਦੇ ਘਰ ਨੁਕਸਾਨੇ ਗਏ ਹਨ, ਉਹਨਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਹਨਾਂ ਦੇ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਉਹਨਾਂ ਨੂੰ 20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।

ਕਮੇਟੀ ਨੇ ਇਹ ਵੀ ਫੈਸਲਾ ਲਿਆ ਕਿ ਮਣੀਪੁਰ ਤੇ ਨੂਹ ਵਿਚ ਪੰਜ ਮੈਂਬਰੀ ਭੇਜਿਆ ਜਾਵੇ ਜਿਸ ਵਿਚ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਪਰਮਜੀਤ ਸਿੰਘ ਸਰਨਾ ਤੇ ਡਾ. ਸੁਖਵਿੰਦਰ ਸਿੰਘ ਸੁੱਖੀ ਸ਼ਾਮਲ ਹੋਣਗੇ। ਇਹ ਵਫਦ ਸੂਬੇ ਵਿਚ ਹਾਲਾਤ ਦਾ ਜਾਇਜ਼ਾ ਲਵੇਗਾ ਤੇ ਨਸਲੀ ਹਿੰਸਾ ਦੇ ਪੀੜਤਾਂ ਵਾਸਤੇ ਰਾਹਤ ਤੇ ਮੁਆਵਜ਼ਾ ਮੰਗੇਗਾ। ਵਫਦ ਪੀੜਤਾਂ ਦੇ ਨਾਲ-ਨਾਲ ਔਰਤਾਂ ਖਿਲਾਫ ਹੋਏ ਭਿਆਨਕ ਅਪਰਾਧਾਂ ਦੇ ਮਾਮਲੇ ਵਿਚ ਮਹਿਲਾ ਜਥੇਬੰਦੀਆਂ ਨਾਲ ਵੀ ਮੁਲਾਕਾਤ ਕਰੇਗਾ।

ਇਹ ਵੀ ਫੈਸਲਾ ਲਿਆ ਗਿਆ ਕਿ ਸੂਬੇ ਦੇ ਸਾਰੇ ਹਲਕਿਆਂ ਵਿਚ 30 ਸਤੰਬਰ ਤੋਂ 45 ਰੋਜ਼ਾ ਪੰਜਾਬ ਬਚਾਓ ਮੁਹਿੰਮ ਸ਼ੁਰੂ ਕੀਤੀ ਜਾਵੇ ਤਾਂ ਜੋ ਆਪ ਸਰਕਾਰ ਤੇ ਇਸਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਕਾਬ ਕੀਤਾ ਜਾ ਸਕੇ ਜੋ ਹਰ ਮੁਹਾਜ਼ ’ਤੇ ਫੇਲ੍ਹ ਸਾਬਤ ਹੋਏ ਹਨ।

ਉਹਨਾਂ ਕਿਹਾ ਕਿ ਇਹ ਮੁਹਿੰਮ ਲੋਕ ਪੱਖੀ ਹੋਵੇਗੀ ਤੇ ਇਸ ਗੱਲ ’ਤੇ ਧਿਆਨ ਕੇਂਦਰਤ ਕਰੇਗੀ ਕਿ ਕਿਵੇਂ ਲੋਕਾਂ ਨੂੰ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣ ਤੋਂ ਨਾਂਹ ਕੀਤੀ ਗਈ, ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ, ਕਾਨੂੰਨ ਵਿਵਸਥਾ ਦੀ ਹਾਲਾਤ ਡਾਵਾਂਡੋਲ ਹੈ, ਨਸ਼ਿਆਂ ਦੀ ਬੁਰਾਈ ’ਤੇ ਨਕੇਲ ਨਹੀਂ ਕੱਸੀ ਜਾ ਸਕੀ, ਸੂਬੇ ਤੋਂ ਇੰਡਸਟਰੀ ਦਾ ਪਲਾਇਨ ਹੋਇਆ ਹੈ ਤੇ ਚੋਣ ਵਾਅਦੇ ਪੂਰੇ ਕਰਨ ਵਿਚ ਵੀ ਸਰਕਾਰ ਫੇਲ੍ਹ ਸਾਬਤ ਹੋਈ ਹੈ। ਉਦੋਂ ਤੱਕ ਇਸ ਵੇਲੇ ਪਿੰਡ ਪੱਧਰ ’ਤੇ ਚਲਰਹੇ ਪ੍ਰੋਗਰਾਮ ਹਰ ਸੱਥ ਵਿਚ ਅਕਾਲੀ ਦਲ ਜਾਰੀ ਰਹੇਗਾ।

ਕੋਰ ਕਮੇਟੀ ਨੇ ਇਹ ਵੀ ਫੈਸਲਾ ਲਿਆ ਕਿ ਪੰਚਾਇਤੀ ਚੋਣਾਂ ਨੂੰ ਛੱਡ ਕੇ ਅਕਾਲੀ ਦਲ ਪੰਚਾਇਤ ਸੰਮਤੀ,ਜ਼ਿਲ੍ਹਾ ਪ੍ਰੀਸ਼ਦ, ਨਿਗਮਾਂ ਤੇ ਕਮੇਟੀ ਚੋਣਾਂ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਰਲ ਕੇ ਲੜੇਗਾ। ਇਹ ਵੀ ਵੀ ਨਿਖੇਧੀ ਕੀਤੀ ਕਿ ਸਰਕਾਰ ਨੇ ਪੰਚਾਇਤਾਂ ਭੰਗ ਕਰ ਦਿੱਤੀਆਂ ਹਨ ਤੇ ਸਥਾਨਕ ਸਰਕਾਰ ਅਧੀਨ ਸੰਸਥਾਵਾਂ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ। ਕਮੇਟੀ ਨੇ ਖਾਲਸਾ ਏਡ ’ਤੇ ਐਨ ਆਈ ਏ ਦੇ ਛਾਪਿਆਂ ਤੇ ਯੂਨਾਈਟਡ ਕਿੰਗਡਮ ਦੇ ਐਮ ਪੀ ਤਨਮਨਜੀਤ ਸਿੰਘ ਢੇਸੀ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਵੀ ਨਿਖੇਧੀ ਕੀਤੀ।

ਕੋਰਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦੀ ਪਤਨੀ ਸਰਦਾਰਨੀ ਨਿਰਮਲ ਕੌਰ, ਇਸਤਰੀ ਅਕਾਲੀ ਦਲ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਪਰਮਿੰਦਰ ਕੌਰ ਪੰਨੂ ਦੇ ਪਤੀ ਸਰਦਾਰ ਗੁਰਪ੍ਰਤਾਪ ਸਿੰਘ ਪੰਨੂ ਦੇ ਅਕਾਲ ਚਲਾਣੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਤੇ ਵਿਛੜੀਆਂ ਰੂਹਾਂ ਵਾਸਤੇ 2 ਮਿੰਟ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।