ਅੰਮ੍ਰਿਤਸਰ : ਪੰਜਾਬ ’ਚ ਰੇਤਾਂ ਦੇ ਅਸਮਾਨ ਛੂਹ ਰਹੀਆਂ ਕੀਮਤਾਂ ਦੇ ਵਿਰੋਧ ’ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਤੋਂ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਅਕਾਲੀ ਆਗੂਆਂ- ਵਰਕਰਾਂ ਨੇ ਰੇਤਾ ਅਤੇ ਬਿਲਡਿੰਗ ਮਟੀਰੀਅਲ ਯੂਨੀਅਨਾਂ ਦੇ ਨਾਲ ਸੋਨੇ ਦੀਆਂ ਥੈਲੀਆ ’ਚ ਰੇਤ ਵੇਚ ਕੇ ‘ਆਪ’ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। 

 

ਇਸ ਮੌਕੇ ਸੰਬੋਧਨ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ’ਚ ‘ਆਪ’ ਸਰਕਾਰ ਦੀ ਨਾਲਾਇਕੀ ਕਾਰਨ ਸੋਨੇ ਭਾਅ ਰੇਤ ਵਿਕਣ ਲੱਗ ਪਈ ਹੈ। ਕੀ ਸਰਕਾਰ ਸੁੱਤੀ ਹੋਈ ਹੈ ਜਾਂ ਫਿਰ ‘ਆਪ’ ਹੱਥ ਭਾਰੀ ਬਹੱਮਤ ਨਾਲ ਸੂਬੇ ਦੀ ਵਾਗਡੋਰ ਸੋਂਪਣ ਦਾ ਪੰਜਾਬੀਆਂ ਨੂੰ ਇਨਾਮ ਦਿਤਾ ਜਾ ਰਿਹਾ ਹੈ। 


ਗਿੱਲ ਨੇ ਕਿਹਾ ਕਿ ਰੇਤਾ ਮਹਿੰਗੀ ਹੋਣ ਕਾਰਨ ਵੱਡੀ ਗਿਣਤੀ ’ਚ ਲੋਕਾਂ ਦੇ ਕਾਰੋਬਾਰ ਬੰਦ ਹੋ ਚੁੱਕੇ ਹਨ, ਕਿਉਂਕਿ ਇਕ ਘਰ ਬਣਨ ਨਾਲ ਮਿਸਤਰੀ, ਮਜਦੂਰਾਂ, ਪਲੰਬਰਾਂ, ਲੱਕੜ ਦਾ ਕਾਰੋਬਾਰ ਕਰਨ ਵਾਲਿਆਂ, ਇੱਟਾਂ, ਸੀਮੈਂਟ, ਰੇਤਾ ਤੇ ਬਜਰੀ ਦੀ ਵਿਕਰੀ ਕਰਨ ਵਾਲਿਆਂ ਸਮੇਤ ਅਣਗਿਣਤ ਲੋਕਾਂ ਦੇ ਘਰਾਂ ਦੀ ਰੋਜੀ ਰੋਟੀ ਚੱਲਦੀ ਹੈ। 

 

ਗਿੱਲ ਨੇ ਕਿਹਾ ਕਿ ਰੇਤਾਂ ਦਾ ਕਾਰੋਬਾਰ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੇ ਕਿਸ਼ਤਾਂ ’ਤੇ ਟਿੱਪਰ, ਟਰੱਕ, ਛੋਟੀਆਂ ਗੱਡੀਆ ਅਤੇ ਟਰੈਕਟਰ ਟਰਾਲੀਆ ਖਰੀਦੇ ਹੋਏ ਹਨ, ਜਿੰਨਾ ਲਈ ਉਕਤ ਵਾਹਨਾਂ ਦੀਆਂ ਕਿਸ਼ਤਾਂ ਭਰਨੀਆ ਔਖੀਆਂ ਹੋ ਗਈਆਂ ਹਨ। ਲੋਕਾਂ ਨੂੰ ਅਜਿਹੇ ਬਦਲਾਅ ਦੀ ਬਿਲਕੁਲ ਲੋੜ ਨਹੀਂ, ਜਿਸ ਵਿਚ ਉਹ 2 ਵੇਲੇ ਦੀ ਰੋਟੀ ਖਾਣ ਤੋਂ ਵੀ ਤੰਗ ਹੋ ਜਾਣ। 


ਤਲਬੀਰ ਸਿੰਘ ਗਿੱਲ ਨੇ ਐਲਾਨ ਕਰਦਿਆਂ ਆਖਿਆ ਕਿ ਜੇਕਰ ਸਰਕਾਰ ਨੇ ਜਲਦ ਰੇਤਾ ਸਸਤੀ ਨਾ ਕੀਤੀ ਤਾਂ ਗੁਰੂ ਨਗਰੀ ਦੇ ਸਾਰੇ ਰੇਤਾ ਬਜਰੀ ਵਿਕਰੇਤਾ ਨੂੰ ਨਾਲ ਲੈ ਕੇ ਉਨ੍ਹਾਂ ਦੇ ਟਰੱਕਾਂ, ਟਿੱਪਰਾਂ, ਟਰੈਕਟਰ ਟਰਾਲੀਆਂ ਨਾਲ ਅੰਮ੍ਰਿਤਸਰ ਜਲੰਧਰ ਜੀ. ਟੀ.ਰੋਡ ’ਤੇ ਅਣਮਿਥੇ ਸਮੇਂ ਲਈ ਧਰਨਾ ਲਗਾ ਦਿੱਤਾ ਜਾਵੇਗਾ। ਇਹ ਰੋਸ ਧਰਨਾ ਫਿਰ ਉਦੋਂ ਖਤਮ ਕਰਾਂਗੇ, ਜਦੋਂ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗ ਕੇ ਰੇਤਾ ਸਸਤੀ ਕਰੇਗੀ।

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।