Safely evacuated 17 youth of Punjab and haryana: ਲੀਬੀਆ ਦੀ ਤ੍ਰਿਪੋਲੀ ਜੇਲ੍ਹ ਵਿੱਚ ਬੰਦ 17 ਭਾਰਤੀਆਂ ਨੂੰ ਐਤਵਾਰ ਨੂੰ ਦੇਰ ਰਾਤ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਗਿਆ। ਉਹ ਕੁਝ ਟਰੈਵਲ ਏਜੰਟਾਂ ਵੱਲੋਂ ਠੱਗੀ ਦਾ ਸ਼ਿਕਾਰ ਹੋ ਕੇ ਲੀਬੀਆ ਵਿੱਚ ਫਸ ਗਏ ਸਨ। ਕੁਝ ਸਮੇਂ ਲਈ ਉਨ੍ਹਾਂ ਕੋਲੋਂ ਮਜ਼ਦੂਰੀ ਕਰਵਾਈ ਗਈ ਸੀ ਅਤੇ ਉਨ੍ਹਾਂ ਨੂੰ ਤਿੰਨ-ਚਾਰ ਦਿਨਾਂ ਵਿਚ ਇਕ ਵਾਰ ਖਾਣਾ ਦਿੱਤਾ ਜਾਂਦਾ ਸੀ। ਦੱਸ ਦਈਏ ਕਿ ਇਨ੍ਹਾਂ 17 ਨੌਜਵਾਨਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਪੰਜਾਬ-ਹਰਿਆਣਾ ਦੇ ਰਹਿਣ ਵਾਲੇ ਹਨ।
ਦੇਰ ਰਾਤ ਜਦੋਂ 17 ਨੌਜਵਾਨ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੇ ਤਾਂ ਕੁਝ ਆਪਣੇ ਮਾਤਾ-ਪਿਤਾ ਨੂੰ ਜੱਫੀ ਪਾ ਕੇ ਰੋ ਰਹੇ ਸਨ ਅਤੇ ਕੁਝ ਆਪਣੀਆਂ ਪਤਨੀਆਂ ਅਤੇ ਬੱਚਿਆਂ ਨੂੰ ਗਲੇ ਲਗਾ ਕੇ ਰੋ ਰਹੇ ਸਨ। ਇਹ ਨੌਜਵਾਨ ਕਰੀਬ 6 ਮਹੀਨੇ ਲੀਬੀਆ ਦੀ ਜੇਲ੍ਹ ਵਿੱਚ ਰਹਿ ਕੇ ਆਪਣੇ ਮੁਲਕ ਵਾਪਸ ਪਰਤੇ ਹਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਦੀ ਬਕਾਇਆ ਤਨਖਾਹ ਜਾਰੀ ਕਰਨ ਦੇ ਹੁਕਮ
ਰੁਜ਼ਗਾਰ ਲਈ ਗਏ ਸੀ ਇਟਲੀ
ਇਹ ਸਾਰੇ ਭਾਰਤੀ ਇਟਲੀ ਵਿਚ ਨੌਕਰੀ ਦਾ ਸੁਪਨਾ ਲੈ ਕੇ ਭਾਰਤ ਛੱਡ ਕੇ ਗਏ ਸਨ। ਟਰੈਵਲ ਏਜੰਟਾਂ ਦੇ ਧੋਖੇ ਨੇ ਉਨ੍ਹਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਸੀ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਦੁਬਈ ਲਿਜਾਇਆ ਗਿਆ। ਉੱਥੇ ਕੁਝ ਸਮਾਂ ਕੰਮ ਕਰਨ ਅਤੇ ਰਹਿਣ ਤੋਂ ਬਾਅਦ ਉਸ ਨੂੰ ਮਿਸਰ ਲਿਆਂਦਾ ਗਿਆ। ਕੁਝ ਸਮਾਂ ਇੱਥੇ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਲੀਬੀਆ ਭੇਜ ਦਿੱਤਾ ਗਿਆ।
ਟਰੈਵਲ ਏਜੰਟਾ ਦੇ ਧੋਖੇ ਨੇ ਇਨ੍ਹਾਂ ਦੀ ਜ਼ਿੰਦਗੀ ਬਣਾ ਦਿੱਤੀ ਸੀ ਨਰਕ
ਟਰੈਵਲ ਏਜੰਟਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਲੀਬੀਆ ਵਿੱਚ ਛੱਡ ਦਿੱਤਾ। ਜਿੱਥੇ ਕੁਝ ਹਥਿਆਰਬੰਦ ਨੌਜਵਾਨਾਂ ਦੇ ਇੱਕ ਗਰੁੱਪ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ। ਉਨ੍ਹਾਂ ਨੂੰ 3-4 ਦਿਨਾਂ ਵਿੱਚ ਇੱਕ ਵਾਰ ਭੋਜਨ ਦਿੱਤਾ ਜਾਂਦਾ ਸੀ। ਉਨ੍ਹਾਂ ਦੀ ਕੁੱਟਮਾਰ ਹੁੰਦੀ ਸੀ। ਜੇਕਰ ਕੋਈ ਉਨ੍ਹਾਂ ਨੂੰ ਮਾਰ ਵੀ ਦਿੰਦਾ ਤਾਂ ਉਥੋਂ ਦੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰਨੀ ਸੀ ਅਤੇ ਪਰਿਵਾਰ ਨੂੰ ਪਤਾ ਵੀ ਨਹੀਂ ਸੀ ਲੱਗਣ ਦੇਣਾ ਸੀ।
ਮਾਨਸੂਨ ਸੈਸ਼ਨ ਵਿੱਚ ਚੁੱਕਿਆ ਗਿਆ ਸੀ ਮੁੱਦਾ
ਦੱਸ ਦਈਏ ਕਿ ਜੁਲਾਈ ਵਿੱਚ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਲੀਬੀਆ ਵਿੱਚ ਫਸੇ ਭਾਰਤੀ ਨੌਜਵਾਨਾਂ ਦਾ ਮੁੱਦਾ ਚੁੱਕਿਆ ਸੀ। ਇਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੂੰ ਪਿਛਲੇ ਮਹੀਨੇ ਤ੍ਰਿਪੋਲੀ ਦੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਰਿਹਾਈ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਮੁਲਕ ਵਾਪਸ ਲਿਆਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਕੋਸ਼ਿਸ਼ ਤੋਂ ਬਾਅਦ ਨੌਜਵਾਨਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਮੁਲਕ ਵਾਪਸ ਲਿਆਂਦਾ ਗਿਆ।