ਨਵੀਂ ਦਿੱਲੀ: ਸਿੱਖ ਕਤਲੇਆਮ ਦੇ ਇੱਕ ਹੋਰ ਕੇਸ ਵਿੱਚ ਸੱਜਣ ਕੁਮਾਰ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ ਗਿਆ। ਸੱਜਣ ਕੁਮਾਰ ਦਾ ਸੀਨੀਅਰ ਵਕੀਲ ਗੈਰ ਹਾਜ਼ਰ ਹੋਣ ਕਰਕੇ ਮਾਮਲੇ ਦੀ ਸੁਣਵਾਈ 22 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਅਦਾਲਤ ਨੇ ਵਕੀਲ ਨੂੰ ਵੀ ਫਿਟਕਾਰ ਲਾਈ। ਇਸ ਮੌਕੇ ਕੋਰਟ ਨੇ ਸੱਜਣ ਨੂੰ ਸੈੱਲ ਫੋਨ ਸਰੰਡਰ ਕਰਨ ਦੇ ਹੁਕਮ ਦਿੱਤੇ ਪਰ ਸੱਜਣ ਕੁਮਾਰ ਨੇ ਕਿਹਾ ਉਹ ਫੋਨ ਨਹੀਂ ਵਰਤਦਾ।
ਦਰਅਸਲ ਸਿੱਖ ਕਤਲੇਆਮ ਦੌਰਾਨ ਭੀੜ ਨੂੰ ਭੜਕਾਉਣ ਦੇ ਮਾਮਲੇ ’ਚ ਸੱਜਣ ਕੁਮਾਰ ਖ਼ਿਲਾਫ਼ ਅੱਜ ਅਹਿਮ ਗਵਾਹ ਚਾਮ ਕੌਰ ਦੇ ਬਿਆਨ ਅਦਾਲਤ ’ਚ ਦਰਜ ਕੀਤੇ ਜਾਣੇ ਸੀ। ਇਸ ਲਈ ਸੱਜਣ ਕੁਮਾਰ ਨੂੰ ਅਦਾਲਤ ’ਚ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਸਨ।
ਸੱਜਣ ਕੁਮਾਰ, ਬ੍ਰਹਮਾਨੰਦ ਗੁਪਤਾ ਤੇ ਵੇਦ ਪ੍ਰਕਾਸ਼ ਸੁਲਤਾਨਪੁਰੀ ’ਚ ਸੁਰਜੀਤ ਸਿੰਘ ਦੀ ਹੱਤਿਆ ਦੇ ਕੇਸ ’ਚ ਮੁਲਜ਼ਮ ਹਨ। ਚਾਮ ਕੌਰ ਦੇ ਪੁੱਤਰ ਕਪੂਰ ਸਿੰਘ ਤੇ ਪਿਤਾ ਸਰਦਾਰਜੀ ਸਿੰਘ ਨੂੰ ਘਰ ’ਚੋਂ ਕੱਢ ਕੇ ਕੁੱਟਿਆ ਤੇ ਛੱਤ ਤੋਂ ਸੁੱਟ ਕੇ ਮਾਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਇੱਕ ਹੋਰ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ।