ਚੰਡੀਗੜ੍ਹ: ਵਣ ਵਿਭਾਗ ਪੰਜਾਬ ਦੀ ਜਗਰਾਉਂ ਰੇਂਜ ਦੇ ਮੁਲਾਜ਼ਮਾਂ ਦੀ ਪਿਛਲੇ ਲਗਭਗ 6 ਮਹੀਨੇ ਤੋਂ ਤਨਖਾਹ ਰੁਕੀ ਹੋਈ ਸੀ, ਜਿਸ ਕਾਰਨ ਕਾਮਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਅਤੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਧਰਨਾਂ ਲਗਾਕੇ ਬੈਠੇ ਸਨ। ਜਿਊਂ ਹੀ ਇਹ ਮਾਮਲਾ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਪਹਿਲਾਂ ਵਣ ਵਿਭਾਗ ਜਗਰਾਉਂ ਰੇਂਜ ਦੇ ਮੁਲਾਜ਼ਮਾਂ ਦਾ ਪੱਖ ਜਾਣਿਆਂ ਅਤੇ ਵਣ ਅਫ਼ਸਰ ਅਜੀਤ ਸਿੰਘ ਨਾਲ ਗੱਲਬਾਤ ਕਰਨ ਉਪਰੰਤ ਮਹਿਕਮੇਂ ਦੇ ਉਚ ਅਧਿਕਾਰੀਆਂ ਕੋਲ ਮਾਮਲਾ ਉਠਾਕੇ ਵਣ ਰੇਂਜ ਜਗਰਾਉਂ ਦੇ ਮੁਲਾਜ਼ਮਾਂ ਦੀ ਰੁਕੀ ਹੋਈ ਤਨਖਾਹ ਜਾਰੀ ਕਰਵਾ ਦਿੱਤੀ।
ਮੁਲਾਜ਼ਮਾਂ ਨੂੰ ਜਦੋਂ ਖਾਤਿਆਂ ਵਿੱਚ ਤਨਖਾਹ ਪੈਣ ਸਬੰਧੀ ਮੋਬਾਇਲ ਫੋਨ 'ਤੇ ਮੈਸੇਜ ਮਿਲੇ ਤਾਂ ਵਣ ਵਿਭਾਗ ਦੇ ਸਮੂਹ ਮੁਲਾਜ਼ਮਾਂ ਨੂੰ ਵਿਆਹ ਵਾਗੂੰ ਚਾਅ ਚੜ੍ਹ ਗਿਆ ਅਤੇ ਉਹਨਾਂ ਨੇ ਜੰਗਲਾਤ ਵਰਕਰ ਯੂਨੀਅਨ ਨੇ ਪ੍ਰਧਾਨ ਸੁਰਜੀਤ ਸਿੰਘ ਦੀ ਅਗਵਾਈ ਹੇਠ ਖੁਸ਼ੀ ਵਿੱਚ ਖੀਵੇ ਹੋ ਕੇ ਲੱਡੂ ਵੰਡੇ ਅਤੇ ਧਰਨੇ ਵਿੱਚ ਪਹੁੰਚੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਹੱਕ ਵਿੱਚ 'ਬੀਬੀ ਮਾਣੂੰਕੇ ਜ਼ਿੰਦਾਬਾਦ' ਦੇ ਨਾਹਰੇ ਲਗਾਏ ਅਤੇ ਪੰਜਾਬ ਸਰਕਾਰ ਤੇ ਵਿਧਾਇਕਾ ਮਾਣੂੰਕੇ ਦਾ ਧੰਨਵਾਦ ਕੀਤਾ।
ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲੋਕਾਂ ਦੇ ਮਸਲੇ ਹੱਲ ਕਰਨ ਲਈ ਹਮੇਸ਼ਾਂ ਯਤਨਸ਼ੀਲ ਹੈ ਕਿਸੇ ਪੰਜਾਬ ਅੰਦਰ ਕਿਸੇ ਵੀ ਵਰਗ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਆਖਿਆ ਕਿ ਕੁੱਝ ਤਕਨੀਕੀ ਕਾਰਨਾਂ ਕਰਕੇ ਵਣ ਵਿਭਾਗ ਦੇ ਮੁਲਾਜ਼ਮਾਂ ਦੀ ਤਨਖਾਹ ਰੁਕੀ ਹੋਈ ਸੀ, ਜੋ ਕਿ ਉਹਨਾਂ ਵੱਲੋਂ ਯਤਨ ਕਰਨ ਤੇ ਮਹਿਕਮੇਂ ਵੱਲੋਂ ਮੁਲਾਜ਼ਮਾਂ ਦੀ ਤਨਖਾਹ ਜਾਰੀ ਕਰ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੀਆਂ ਮੰਗਾਂ ਉਪਰ ਵੀ ਵਿਚਾਰ-ਚਰਚਾ ਕਰਕੇ ਮਹਿਕਮੇਂ ਪਾਸੋਂ ਹੱਲ ਕਰਵਾਇਆ ਜਾਵੇਗਾ।
ਉਹਨਾਂ ਆਖਿਆ ਕਿ ਪੰਜਾਬ ਸਰਕਾਰ ਕੱਚੇ ਕਾਮਿਆਂ ਨੂੰ ਪੱਕਾ ਕਰਨ ਲਈ ਵਿਚਾਰ ਕਰ ਰਹੀ ਹੈ ਅਤੇ ਵਣ ਵਿਭਾਗ ਦੇ ਕਾਮਿਆਂ ਦਾ ਵੀ ਡਾਟਾ ਇਕੱਤਰ ਕਰਕੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਲਈ ਉਪਰਾਲੇ ਕੀਤੇ ਜਾਣਗੇ। ਉਹਨਾਂ ਆਖਿਆ ਕਿ ਉਹ ਖੁਦ ਇੱਕ ਅਧਿਆਪਕ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਭਲੀ-ਭਾਂਤ ਜਾਣਦੇ ਹਨ। ਇਸ ਲਈ ਉਹ ਮੁਲਾਜ਼ਮਾਂ ਦੇ ਮਸਲੇ ਹੱਲ ਕਰਵਾਉਣ ਲਈ ਪਹਿਲ ਦੇ ਅਧਾਰ ਤੇ ਯਤਨ ਕਰਦੇ ਰਹਿਣਗੇ।