ਚੰਡੀਗੜ੍ਹ :ਨੋਟ-ਬੰਦੀ ਕਾਰਨ ਲੋਕ ਪਹਿਲਾਂ ਤੋਂ ਹੀ ਪ੍ਰੇਸ਼ਾਨ ਸਨ ਉੱਪਰੋਂ ਹੁਣ ਕੁੱਝ ਲੋਕਾਂ ਨੇ ਸਮਾਨ ਦੀ ਕਾਲਾਬਾਜ਼ਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ ਦੇਸ਼ ਵਿੱਚ ਨਮਕ ਦੀ ਕਾਲਾਬਜ਼ਾਰੀ ਹੋਣ ਦੀ ਅਫ਼ਵਾਹ ਚੱਲ ਰਹੀ ਹੈ। ਅਫ਼ਵਾਹ ਕਾਰਨ ਯੂ ਪੀ ਅਤੇ ਉੱਤਰਾਖੰਡ ਵਿੱਚ ਨਮਕ ਦੀ ਕਿੱਲਤ ਹੋ ਗਈ ਹੈ। ਜਿਵੇਂ ਹੀ ਇਹ ਅਫ਼ਵਾਹ ਫੈਲਦੀ ਗਈ ਹਾਲਾਤ ਖ਼ਰਾਬ ਹੁੰਦੇ ਗਏ।
ਦੋਵਾਂ ਰਾਜਾਂ ਵਿੱਚ ਨਮਕ 200 ਤੋਂ 400 ਰੁਪਏ ਕਿੱਲੋ ਵਿਕਣਾ ਸ਼ੁਰੂ ਹੋ ਗਿਆ। ਨਮਕ ਖ਼ਤਮ ਹੋਣ ਦੀ ਅਫ਼ਵਾਹ ਕਈ ਹੋਰ ਸੂਬਿਆਂ ਵਿੱਚ ਵੀ ਪਹੁੰਚੀ ਜਿਸ ਦਾ ਅਸਰ ਚੰਡੀਗੜ੍ਹ ਵਿੱਚ ਵੀ ਦੇਖਣ ਨੂੰ ਮਿਲਿਆ।
ਚੰਡੀਗੜ੍ਹ ਦੇ ਮਨੀਮਾਜਰਾ ਵਿੱਚ ਤਾਂ ਨਮਕ 100 ਰੁਪਏ ਪ੍ਰਤੀ ਕਿੱਲੋ ਵਿਕਿਆ। ਸ਼ਾਮ ਹੁੰਦੇ-ਹੁੰਦੇ ਕਰਿਆਨੇ ਦੀਆਂ ਦੁਕਾਨਾਂ ਤੋਂ ਨਮਕ ਗ਼ਾਇਬ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇੱਕ-ਇੱਕ ਵਿਅਕਤੀ ਨੇ 20-20 ਪੈਕਟ ਨਮਕ ਦੇ ਖ਼ਰੀਦੇ ਹਨ।
ਹਾਲਾਤ ਉਸ ਵੇਲੇ ਹੋਰ ਖ਼ਰਾਬ ਹੋ ਗਏ ਜਦੋਂ ਮਹਿੰਗਾ ਨਮਕ ਵੇਚੇ ਜਾਣ ਦੀਆਂ ਸ਼ਿਕਾਇਤਾਂ ਚੰਡੀਗੜ੍ਹ ਪੁਲਿਸ ਕੋਲ ਪਹੁੰਚਣੀਆਂ ਸ਼ੁਰੂ ਹੋ ਗਈਆਂ। ਦੇਰ ਸ਼ਾਮ ਤੱਕ ਫੂਡ ਸਪਲਾਈ ਮੰਤਰਾਲੇ ਵੱਲੋਂ ਬਿਆਨ ਜਾਰੀ ਹੋਇਆ ਕਿ ਨਮਕ ਦੀ ਕੋਈ ਕਿੱਲਤ ਨਹੀਂ ਹੈ।