ਸਮਾਣਾ: 21ਵੀਂ ਸਦੀ ਦੇ ਸਮਾਜ ਵਿੱਚ ਹਾਲੇ ਵੀ ਮੁੰਡੇ-ਕੁੜੀ ਦਾ ਵਿਤਕਰਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਹ ਹੀ ਕਾਰਨ ਹੈ ਕਿ ਇੱਕ ਵਾਰ ਫਿਰ ਮੁੰਡੇ ਦੀ ਚਾਹ ਰੱਖਣ ਵਾਲੇ ਪਰਿਵਾਰ ਨੇ ਇੱਕ ਨਵਜਾਤ ਬੱਚੀ ਨੂੰ ਮਾਰ ਦਿੱਤਾ। ਇਹ ਇਲਜ਼ਾਮ ਬੱਚੀ ਦੀ ਮਾਂ ਨੇ ਲਾਏ ਹਨ। ਇਹ ਘਟਨਾ ਪਾਤੜਾਂ ਦੇ ਪਿੰਡ ਖਾਨੇਵਾਲ ਦੀ ਹੈ। ਪੀੜਤਾ ਮੀਤੋ ਦੇਵੀ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਉਸ ਦਾ ਵਿਆਹ ਖਾਨੇਵਾਲ ਪਿੰਡ ਦੇ ਵਸਨੀਕ ਰਿੰਕੂ ਰਾਮ ਨਾਲ ਹੋਇਆ ਸੀ।


 

 

ਪਹਿਲਾਂ ਤਾਂ ਸਹੁਰਾ ਪਰਿਵਾਰ ਉਸ ਨੂੰ ਦਹੇਜ ਲਈ ਤੰਗ ਕਰਦਾ ਸੀ ਪਰ ਜਦੋਂ ਉਹ ਗਰਭਵਤੀ ਹੋਈ ਤਾਂ ਲਿੰਗ ਜਾਂਚ ਲਈ ਉਸ ਤੇ ਦਬਾਅ ਬਣਾਉਣ ਲੱਗਾ। ਉਸ ਨੇ ਦੱਸਿਆ ਕਿ 26 ਜੂਨ ਨੂੰ ਪਾਤੜਾਂ ਦੇ ਸੰਧੂ ਹਸਪਤਾਲ ਵਿੱਚ ਇੱਕ ਧੀ ਨੂੰ ਜਨਮ ਦਿੱਤਾ। ਥੋੜੀ ਦੇਰ ਬਾਅਦ ਹੀ ਮੀਤੋ ਦੇ ਪਤੀ, ਸੱਸ ਤੇ ਸਹੁਰਾ ਉਸ ਦੀ ਧੀ ਇਹ ਕਹਿ ਕੇ ਹਸਪਤਾਲ ਤੋਂ ਲੈ ਗਏ ਕਿ ਉਸ ਦੀ ਧੜਕਨ ਠੀਕ ਨਹੀਂ ਚੱਲ ਰਹੀ। ਇਸ ਨੂੰ ਸਮਾਣਾ ਵਿਖੇ ਡਾਕਟਰ ਨੂੰ ਚੈੱਕ ਕਰਵਾਉਣਾ ਹੈ।

 

 

ਉਸ ਤੋਂ ਬਾਅਦ ਅੱਜ ਤੱਕ ਸਹੁਰਾ ਪਰਿਵਾਰ ਉਸ ਦੀ ਧੀ ਨੂੰ ਉਸ ਕੋਲ ਨਹੀਂ ਲੈ ਕੇ ਆਏ। ਪੀੜਤਾ ਦਾ ਕਹਿਣਾ ਹੈ ਕਿ ਹੁਣ ਜਦੋਂ ਉਹ ਸਹੁਰਾ ਪਰਿਵਾਰ ਤੋਂ ਆਪਣੀ ਧੀ ਬਾਰੇ ਪੁੱਛਦੀ ਹੈ ਤਾਂ ਕਹਿੰਦੇ ਹਨ ਕਿ ਉਸ ਨੂੰ ਮਾਰ ਦਿੱਤਾ ਹੈ। ਕਹਿੰਦੇ ਹਨ ਕਿ ਜੇਕਰ ਤੂੰ ਰਹਿਣਾ ਹੈ ਤਾਂ ਠੀਕ ਹੈ ਨਹੀਂ ਤਾਂ ਤੈਨੂੰ ਵੀ ਮਾਰ ਦਿਆਂਗੇ। ਪੀੜਤਾ ਦੇ ਪਿਤਾ ਖੱਟੂ ਰਾਮ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਹੀ ਕੁੜੀ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਕਰਦਾ ਸੀ। ਮੈਂ ਉਨ੍ਹਾਂ ਨੂੰ ਮੋਟਰਸਾਈਕਲ ਦਵਾਇਆ ਸੀ ਪਰ ਬਾਅਦ ਵਿੱਚ ਉਹ ਬੁਲੇਟ ਮੋਟਰਸਾਈਕਲ ਦੀ ਮੰਗ ਕਰਨ ਲੱਗ ਪਏ।

 

 

 

ਉਨ੍ਹਾਂ ਦੱਸਿਆ ਕਿ ਪੁਲਿਸ ਕੋਲ ਤਿੰਨ ਲੋਕਾਂ ਖਿਲਾਫ ਸ਼ਿਕਾਇਤ ਕੀਤੀ ਹੈ। ਮੰਗ ਕੀਤੀ ਹੈ ਕਿ ਜੇਕਰ ਬੱਚੀ ਜਿੰਦਾ ਹੈ ਤਾਂ ਉਸ ਨੂੰ ਮਾਂ ਨੂੰ ਦਿੱਤਾ ਜਾਵੇ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤਾ ਜਾਵੇ। ਦੂਜੇ ਪਾਸੇ ਸੰਧੂ ਹਸਪਤਾਲ ਪਾਤੜਾਂ ਦੇ ਡਾਕਟਰ ਨੇ ਵੀ ਕੁੜੀ ਦੇ ਜਨਮ ਦੀ ਪੁਸ਼ਟੀ ਕੀਤੀ ਹੈ। ਡਾਕਟਰ ਨੇ ਦੱਸਿਆ ਕਿ ਬੱਚੀ ਠੀਕ ਸੀ ਪਰ ਕੁਝ ਆਰਥੋ ਦੀ ਸ਼ਿਕਾਇਤ ਲਈ ਦੂਜੇ ਡਾਕਟਰ ਨੂੰ ਦਖਾਉਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ ਕਿ ਮੇਰੇ ਹਸਪਤਾਲ ਤੋਂ ਮਾਂ-ਧੀ ਠੀਕ-ਠਾਕ ਗਏ ਸਨ। ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬੱਚੀ ਜਿੰਦਾ ਹੈ ਜਾਂ ਉਸ ਨੂੰ ਮਾਰ ਦਿੱਤਾ ਗਿਆ ਹੈ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।