Samrala News : ਸਮਰਾਲਾ ਨੇੜੇ ਆਈਟੀਆਈ ਕੋਲ ਦੇਰ ਰਾਤ ਇੱਕ ਪਰਿਵਾਰ 'ਤੇ 15 ਤੋਂ 20 ਨੌਜਵਾਨਾਂ ਵੱਲੋਂ ਕਥਿਤ ਤੌਰ 'ਤੇ ਤਲਵਾਰਾਂ, ਕਿਰਪਾਨਾਂ ਅਤੇ ਇੱਟਾਂ-ਰੋੜਿਆਂ ਨਾਲ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਘਰ ਦੇ ਬਾਹਰ ਖੜ੍ਹੇ ਵਾਹਨਾਂ ਅਤੇ ਘਰੇਲੂ ਸਾਮਾਨ ਦੀ ਭੰਨਤੋੜ ਕੀਤੀ ਗਈ, ਜਦਕਿ ਇੱਕ ਵਿਅਕਤੀ ਜ਼ਖ਼ਮੀ ਹੋ ਕੇ ਹਸਪਤਾਲ ਦਾਖ਼ਲ ਹੈ। ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਪੀੜਤ ਜੋਗਿੰਦਰ ਸਿੰਘ ਭੋਲਾ ਨੇ ਦੱਸਿਆ ਕਿ ਰਾਤ ਕਰੀਬ 12.30 ਤੋਂ 1 ਵਜੇ ਦਰਮਿਆਨ ਤਿੰਨ ਗੱਡੀਆਂ ਵਿੱਚ ਸਵਾਰ 15-20 ਨੌਜਵਾਨ ਉਨ੍ਹਾਂ ਦੇ ਘਰ ਪਹੁੰਚੇ ਅਤੇ ਆਉਂਦਿਆਂ ਹੀ ਇੱਟਾਂ-ਰੋੜੇ ਸੁੱਟਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦਾ ਆਰੋਪ ਹੈ ਕਿ ਹਮਲਾਵਰ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਉਨ੍ਹਾਂ ਨੇ ਤਿੰਨ ਗੱਡੀਆਂ, ਮੋਟਰਸਾਈਕਲ, ਫਰਿੱਜ ਅਤੇ ਕੂਲਰ ਦੀ ਭੰਨਤੋੜ ਕੀਤੀ। ਹਮਲੇ ਕਾਰਨ ਪਰਿਵਾਰ ਵਿੱਚ ਦਹਿਸ਼ਤ ਫੈਲ ਗਈ ਅਤੇ ਸੱਤ ਮਹੀਨੇ ਦੀ ਗਰਭਵਤੀ ਨੂੰਹ ਦੀ ਸਿਹਤ ਵਿਗੜ ਗਈ, ਜਿਸ ਨੂੰ ਦੇਰ ਰਾਤ ਹਸਪਤਾਲ ਲਿਜਾਣਾ ਪਿਆ।
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਹਮਲਾਵਰਾਂ ਨੇ ਦਰਵਾਜ਼ੇ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਮੁਹੱਲੇ ਵਿੱਚ ਕੁਝ ਨੌਜਵਾਨ ਅਕਸਰ ਹੁੱਲੜਬਾਜ਼ੀ ਕਰਦੇ ਹਨ ਅਤੇ ਲੋਕਾਂ ਨੂੰ ਡਰਾਉਂਦੇ-ਧਮਕਾਉਂਦੇ ਹਨ। ਜ਼ਖ਼ਮੀ ਕਰਨੈਲ ਸਿੰਘ, ਜੋ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹਨ, ਨੇ ਦੱਸਿਆ ਕਿ ਉਨ੍ਹਾਂ ਦੇ ਪੈਰ 'ਤੇ ਗੰਭੀਰ ਸੱਟ ਲੱਗੀ ਹੈ ਅਤੇ ਉਹਨਾਂ ਦਾ ਇਸ ਵਿਵਾਦ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ।
