ਸਮਰਾਲਾ: ਪੰਜਾਬ ਸਰਕਾਰ ਦੇ ਮਿੰਨੀ ਲੌਕਡਾਉਨ ਦਾ ਵਿਰੋਧ ਦਿਨੋ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਲੌਕਡਾਉਨ ਦੇ ਵਿਰੋਧ 'ਚ ਸਮਰਾਲਾ ਵਿੱਚ ਸਮੂਹ ਦੁਕਾਨਦਾਰਾਂ ਨੇ ਥਾਣੇ ਬਾਹਰ ਧਰਨਾ ਦਿੱਤਾ ਤੇ ਆਪਣੀਆਂ ਚਾਬੀਆਂ ਪੁਲਿਸ ਨੂੰ ਸੌਂਪਦੇ ਹੋਏ ਦੁਕਾਨਾਂ ਪ੍ਰਸ਼ਾਸਨ ਨੂੰ ਖੁਦ ਚਲਾਉਣ ਦੀ ਗੱਲ ਆਖੀ।


ਦੁਕਾਨਦਾਰਾਂ ਨੇ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਨਾਅਰੇਬਾਜੀ ਕਰਦਿਆਂ ਗ੍ਰਿਫਤਾਰੀਆਂ ਦੇਣ ਦਾ ਐਲਾਨ ਵੀ ਕੀਤਾ। ਪ੍ਰਦਰਸ਼ਨਕਾਰੀਆਂ ਨੇ ਲੁਧਿਆਣਾ-ਚੰਡੀਗੜ੍ਹ ਹਾਈਵੇ ਉਪਰ ਧਰਨਾ ਲਾ ਕੇ ਆਵਾਜਾਈ ਵੀ ਜਾਮ ਕੀਤੀ।


ਦਰਅਸਲ ਪੰਜਾਬ ਸਰਕਾਰ ਦੇ ਮਿੰਨੀ ਲਾਕਡਾਉਨ ਦੇ ਵਿਰੋਧ 'ਚ ਜਦੋਂ 4 ਮਈ ਨੂੰ ਸਮਰਾਲਾ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਧਰਨਾ ਲਾਇਆ ਸੀ ਤਾਂ ਇਸ ਦੌਰਾਨ ਪੁਲਿਸ ਨੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਦਿੱਤਾ। ਇਸ ਮੁਕੱਦਮੇ ਦੇ ਵਿਰੋਧ 'ਚ ਦੁਕਾਨਦਾਰਾਂ ਨੇ ਸ਼ੁੱਕਰਵਾਰ ਨੂੰ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਵੀ ਬੰਦ ਕਰਦੇ ਹੋਏ ਰੋਸ ਵਜੋਂ ਸ਼ਹਿਰ ਬੰਦ ਰੱਖਿਆ ਤੇ ਸਮਰਾਲਾ ਥਾਣਾ ਬਾਹਰ ਧਰਨਾ ਦਿੱਤਾ।


ਇਸ ਮੌਕੇ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਿਸ ਨੇ ਸਿਆਸੀ ਦਬਾਅ ਅਧੀਨ ਚੁਣ-ਚੁਣ ਕੇ ਕੇਵਲ ਉਨ੍ਹਾਂ ਦੁਕਾਨਦਾਰਾਂ ਖਿਲਾਫ ਹੀ ਮੁਕੱਦਮਾ ਦਰਜ ਕੀਤਾ ਜੋ ਕਾਂਗਰਸ ਤੋਂ ਬਿਨਾਂ ਹੋਰਨਾਂ ਪਾਰਟੀਆਂ ਨਾਲ ਜੁੜੇ ਹੋਏ ਸੀ। ਇਸ ਦੇ ਵਿਰੋਧ 'ਚ ਸ਼ਹਿਰ ਬੰਦ ਰੱਖਿਆ ਗਿਆ। ਸਾਬਕਾ ਵਿਧਾਇਕ ਜਗਜੀਵਨਪਾਲ ਸਿੰਘ ਖੀਰਨੀਆਂ ਨੇ ਕਿਹਾ ਕਿ ਪੁਲਿਸ ਸ਼ਰੇਆਮ ਧੱਕਾ ਕਰ ਰਹੀ ਹੈ। ਮੌਜੂਦਾ ਵਿਧਾਇਕ ਨੇ ਜਿਹੜੀ ਸੂਚੀ ਪੁਲਿਸ ਨੂੰ ਦਿੱਤੀ ਸੀ, ਉਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ।


ਉਥੇ ਹੀ ਥਾਣਾ ਮੁਖੀ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਸਿਆਸੀ ਮਸਲਾ ਬਣਾਇਆ ਜਾ ਰਿਹਾ ਹੈ। 4 ਮਈ ਨੂੰ ਭੀੜ ਕਰਕੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਜਿਨ੍ਹਾਂ ਨੇ ਧਰਨਾ ਲਾਇਆ ਸੀ, ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਗਿਆ। ਮੁਕੱਦਮੇ 'ਚ 35-40 ਅਣਪਛਾਤੇ ਵਿਅਕਤੀ ਵੀ ਹਨ, ਜਿਨ੍ਹਾਂ ਦੀ ਵੀਡੀਓ 'ਚ ਪਛਾਣ ਕੀਤੀ ਜਾ ਰਹੀ ਹੈ। 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ