ਚੰਡੀਗੜ੍ਹ: ਸੰਯੁਕਤ ਸਮਾਜ ਮੋਰਚਾ ਦੇ ਸਾਰੇ ਉਮੀਦਵਾਰ ਆਜ਼ਾਦ ਚੋਣ ਲੜਨਗੇ। ਸੰਯੁਕਤ ਸਮਾਜ ਮੋਰਚਾ ਪਾਰਟੀ ਅਜੇ ਤੱਕ ਰਜਿਸਟਰਡ ਨਹੀਂ ਹੋਈ। ਇਸ ਲਈ ਅਜੇ ਤੱਕ ਪਾਰਟੀ ਨੂੰ ਕੋਈ ਸਾਂਝਾ ਚੋਣ ਨਿਸ਼ਾਨ ਨਹੀਂ ਦਿੱਤਾ ਗਿਆ।

ਸੰਯੁਕਤ ਸਮਾਜ ਮੋਰਚਾ ਨੇ ਟਰੈਕਟਰ ਟਰਾਲੀ ਚੋਣ ਨਿਸ਼ਾਨ ਦੀ ਮੰਗ ਕੀਤੀ ਸੀ। ਇਸ ਬਾਰੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ਦੇ ਚੋਣ ਕਮਿਸ਼ਨ ਨਾਲ ਮੀਟਿੰਗ ਕੀਤੀ ਸੀ ਪਰ ਪਾਰਟੀ ਰਜਿਸਟਰਡ ਨਾ ਹੋਣ ਕਰਕੇ ਕੋਈ ਸਾਂਝਾ ਨਿਸ਼ਾਨ ਮਿਲਣਾ ਔਖਾ ਹੈ।

ਚਰਚਾ ਹੈ ਕਿ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਮੰਜਾ, ਮਟਕਾ ਤੇ ਕੈਂਚੀ ਵਿੱਚੋਂ ਕਿਸੇ ਵੀ ਚੋਣ ਨਿਸ਼ਾਨ 'ਤੇ ਚੋਣ ਲੜ ਸਕਦੇ ਹਨ। ਸਾਰੇ ਉਮੀਦਵਾਰ ਇਨ੍ਹਾਂ ਤਿੰਨਾਂ ਨਿਸ਼ਾਨਾਂ ਲਈ ਅਪਲਾਈ ਕਰਨਗੇ। ਇਨ੍ਹਾਂ ਤਿੰਨਾਂ 'ਚੋਂ ਜੋ ਵੀ ਨਿਸ਼ਾਨ ਮਿਲੇਗਾ, ਚੋਣ ਉਸੇ 'ਤੇ ਲੜੀ ਜਾਵੇਗੀ।


ਦੱਸ ਦਈਏ ਕਿ ਕੋਈ ਪੱਕਾ ਚੋਣ ਨਿਸ਼ਾਨ ਲੈਣ ਲਈ ਪਾਰਟੀ ਨੂੰ ਰਜਿਸਟਰ ਕਰਾਉਣਾ ਪੈਂਦਾ ਹੈ ਪਰ ਸੰਯੁਕਤ ਸਮਾਜ ਮੋਰਚਾ ਰਜਿਸਟਰ ਨਹੀਂ ਹੋ ਸਕਿਆ।



ਕਿਵੇਂ ਹੁੰਦੀ ਨਵੀਂ ਸਿਆਸੀ ਪਾਰਟੀ ਰਜਿਸਟਰ?
ਭਾਰਤ ਦੇ ਸੰਵਿਧਾਨ ਦੇ ਆਰਟੀਕਲ 324 ਤੇ ਰੀਪ੍ਰੈਜ਼ਨਟੇਸ਼ਨ ਆਫ਼ ਦ ਪੀਪਲਜ਼ ਐਕਟ, 1951 ਦੇ ਸੈਕਸ਼ਨ 29 ਏ ਤਹਿਤ ਚੋਣ ਕਮਿਸ਼ਨ ਕਿਸੇ ਨਵੀਂ ਸਿਆਸੀ ਪਾਰਟੀ ਨੂੰ ਰਜਿਸਟਰ ਕਰਦਾ ਹੈ।


ਸਭ ਤੋਂ ਪਹਿਲਾਂ ਕਿਸੀ ਵੀ ਸਿਆਸੀ ਪਾਰਟੀ ਨੂੰ ਰਜਿਸਟਰ ਹੋਣ ਦੇ ਲਈ ਚੋਣ ਕਮਿਸ਼ਨ ਨੂੰ ਇੱਕ ਅਰਜ਼ੀ ਦੇਣੀ ਹੁੰਦੀ ਹੈ।


ਇਹ ਐਪਲੀਕੇਸ਼ਨ ਪੋਸਟ ਵੀ ਕੀਤੀ ਜਾ ਸਕਦੀ ਹੈ ਤੇ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਨਿੱਜੀ ਤੌਰ 'ਤੇ ਚੋਣ ਕਮਿਸ਼ਨ ਦੇ ਜਨਰਲ ਸਕੱਤਰ ਨੂੰ ਜਮਾ ਵੀ ਕਰਾਈ ਜਾ ਸਕਦੀ ਹੈ।


ਇਹ ਐਪਲੀਕੇਸ਼ਨ ਪਾਰਟੀ ਬਣਨ ਦੇ 30 ਦਿਨਾਂ ਦੇ ਅੰਦਰ ਜਮਾ ਕਰਵਾਉਣੀ ਹੁੰਦੀ ਹੈ।


ਇਸ ਐਪਲੀਕੇਸ਼ਨ ਦਾ ਫਾਰਮ ਪੋਸਟ ਰਾਹੀਂ ਮੰਗਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਦੇ ਦਫ਼ਤਰ ਅਤੇ ਵੈੱਬਸਾਈਟ ਤੋਂ ਵੀ ਇਸ ਐਪਲੀਕੇਸ਼ਨ ਫਾਰਮ ਨੂੰ ਲਿਆ ਜਾ ਸਕਦਾ ਹੈ।