ਫ਼ਾਜ਼ਿਲਕਾ: ਰੇਤੇ ਨੂੰ ਲੈ ਕੇ ਅਕਸਰ ਸੂਬਾ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ ਕਿਉਂਕਿ ਰੇਤਾ ਮਿਲਣਾ ਬੰਦ ਹੋਣ ਨਾਲ ਜਿੱਥੇ ਕਈ ਲੋਕਾਂ ਦਾ ਰੁਜ਼ਗਾਰ ਬੰਦ ਹੋਇਆ ਹੈ, ਉੱਥੇ ਇਲਾਕੇ ਦੇ ਵਿਕਾਸ ਕਾਰਜ ਤੇ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਉਸਾਰੀਆਂ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ ਪਰ ਹੁਣ ਸਰਕਾਰ ਨੇ ਰੇਤੇ ਦੀ ਸ਼ੁਰੂਆਤ ਕਰ ਦਿੱਤੀ ਹੈ।


ਫਾਜ਼ਿਲਕਾ ਜ਼ਿਲ੍ਹੇ ਵਿੱਚ ਇਕਲੌਤੀ ਖੱਡ ਸ਼ੁਰੂ ਕੀਤੀ ਗਈ ਹੈ। ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਪੈਂਦੀ ਚੱਕ ਗਰੀਬਾਂ ਸਾਂਦੜ ਰੇਤੇ ਦੀ ਖੱਡ ਦੀ ਸ਼ੁਰੂਆਤ ਹੋਈ ਹੈ ਜਿਸ ਨੂੰ ਮਾਈਨਿੰਗ ਵਿਭਾਗ ਚਲਾ ਰਿਹਾ ਹੈ। ਇੱਥੇ ਰੇਤਾ 9 ਰੁਪਏ 45 ਪੈਸੇ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ  ਹੈ। ਹਾਲਾਂਕਿ ਰੇਤੇ ਨੂੰ ਖਰੀਦਣ ਲਈ ਖੱਡ ਦੇ ਆਲੇ-ਦੁਆਲੇ ਦੇ ਪਿੰਡਾਂ ਤੱਕ ਟਰੈਕਟਰ-ਟਰਾਲੀਆਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ।


ਕਈ ਥਾਵਾਂ ਤੇ ਪਿੰਡਾਂ ਨੂੰ ਲੱਗਦੀਆਂ ਸੜਕਾਂ ਜਾਮ ਵੀ ਹੋ ਚੁੱਕੀਆਂ ਹਨ। ਲੋਕ ਫ਼ਾਜ਼ਿਲਕਾ ਹੀ ਨਹੀਂ ਆਲੇ-ਦੁਆਲੇ ਦੇ ਜ਼ਿਲ੍ਹਿਆਂ ਤੋਂ ਰੇਤਾ ਖ਼ਰੀਦਣ ਲਈ ਪਹੁੰਚ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਿਰਫ਼ 12 ਤੋਂ 1300 ਰੁਪਏ ਵਿੱਚ ਰੇਤੇ ਨਾਲ ਟਰਾਲੀ ਭਰੀ ਜਾ ਰਹੀ ਹੈ।


ਮੌਕੇ 'ਤੇ ਮੌਜੂਦ ਵਿਭਾਗ ਦੇ ਐਸਡੀਓ ਗਿਤੇਸ਼ ਉਪਵੇਜਾ ਨੇ ਦੱਸਿਆ ਕਿ ਬੀੜ ਜ਼ਿਆਦਾ ਹੋਣ ਕਰਕੇ ਉਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਹੈ ਪਰ ਉਹ ਆਪਣੇ ਹਿਸਾਬ ਨਾਲ ਰੇਤੇ ਦਾ ਕਾਰੋਬਾਰ ਚਲਾ ਰਹੇ ਹਨ। ਜਿੱਥੇ ਲੋੜਵੰਦ ਲੋਕਾਂ ਨੂੰ ਰੇਤਾ ਦਿੱਤਾ ਜਾ ਰਿਹਾ ਹੈ, ਉੱਥੇ ਰੇਤੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਵੀ ਰੇਤਾ ਮੁਹੱਈਆ ਕਰਵਾਇਆ ਜਾ ਰਿਹਾ ਹੈ। 


ਉਧਰ, ਇਸ ਮੌਕੇ ਰੇਤ ਖਰੀਦਣ ਲਈ ਪਹੁੰਚੇ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਲੋਕ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਖੱਡ ਨੂੰ ਲੈ ਕੇ ਖੁਸ਼ ਨਜ਼ਰ ਆਏ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਸਨ। ਕਈ ਲੋਕ ਬੇਰੁਜ਼ਗਾਰ ਹੋ ਰਹੇ ਸਨ। ਉਨ੍ਹਾਂ ਨੂੰ ਹੁਣ ਰੁਜ਼ਗਾਰ ਦੀ ਉਮੀਦ ਜਗੀ ਹੈ।


ਇੱਥੇ ਸਭ ਤੋਂ ਜ਼ਿਆਦਾ ਖੁਸ਼ੀ ਉਨ੍ਹਾਂ ਨੂੰ ਭਾਅ ਤੋਂ ਹੋ ਰਹੀ ਹੈ ਕਿ ਸਸਤੇ ਭਾਅ ਵਿੱਚ ਰੇਤਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਭੀੜ ਜ਼ਿਆਦਾ ਹੋਣ ਕਰਕੇ ਵਾਰੀ ਲੇਟ ਆ ਰਹੀ ਹੈ। ਇਸ ਲਈ ਉਨ੍ਹਾਂ ਨੂੰ ਕਰੀਬ ਦੋ ਦਿਨ ਤਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।