Sandeep Jakhar: ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਨੇ ਕਾਂਗਰਸ ਤੋਂ ਮੁਅੱਤਲ ਹੋਣ ਮਗਰੋਂ ਸਖਤ ਤੇਵਰ ਵਿਖਾਏ ਹਨ। ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਤੋਂ ਮੁਆਫੀ ਨਹੀਂ ਮੰਗਣਗੇ। ਸੰਦੀਪ ਜਾਖੜ ਨੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਕਾਂਗਰਸ ਬਹੁਤ ਵੱਡੀ ਪਾਰਟੀ ਹੈ, ਇਸ ਲਈ ਘੱਟੋ-ਘੱਟ ਉਨ੍ਹਾਂ ਦਾ ਪੱਖ ਤਾਂ ਜਾਣ ਲੈਣਾ ਚਾਹੀਦਾ ਸੀ। ਸੰਦੀਪ ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਕੰਮ ਲੁਕ-ਛਿਪ ਕੇ ਨਹੀਂ ਕੀਤਾ, ਜੋ ਵੀ ਕੀਤਾ ਉਹ ਖੁੱਲ੍ਹੇਆਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਅਬੋਹਰ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ।


ਹੋਰ ਪੜ੍ਹੋ : Punjab News: ਪੰਜਾਬ ਸਰਕਾਰ ਵੱਲੋਂ 16,000 ਪੋਸਟਾਂ 'ਤੇ ਭਰਤੀ ਦਾ ਫੈਸਲਾ, ਸਾਰੇ ਵਿਭਾਗਾਂ ਤੋਂ ਮੰਗੀ ਰਿਪੋਰਟ



ਦੱਸ ਦਈਏ ਕਿ ਸੰਦੀਪ ਜਾਖੜ ਅਬੋਹਰ ਤੋਂ ਕਾਂਗਰਸ ਦੇ ਵਿਧਾਇਕ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਉਨ੍ਹਾਂ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲਾਏ ਗਏ ਸਨ। ਇਸ ’ਤੇ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਦਰਅਸਲ ਸੰਦੀਪ ਜਾਖੜ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਿਚਾਲੇ ਕਰੀਬ ਇੱਕ ਸਾਲ ਤੋਂ ਸ਼ਬਦੀ ਜੰਗ ਚੱਲ ਰਹੀ ਸੀ। ਰਾਜਾ ਵੜਿੰਗ ਸੰਦੀਪ ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਤੇ ਪਾਰਟੀ 'ਚੋਂ ਕੱਢਣ ਦੀ ਚੁਣੌਤੀ ਦੇ ਰਹੇ ਸੀ।



ਰਾਜਾ ਵੜਿੰਗ ਵੱਲੋਂ ਪਾਰਟੀ ਛੱਡਣ ਦੀ ਚੁਣੌਤੀ ਦੇਣ ਤੋਂ ਬਾਅਦ ਸੰਦੀਪ ਜਾਖੜ ਨੇ ਵੀ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਰਾਜਾ ਵੜਿੰਗ ਉਨ੍ਹਾਂ ਤੋਂ ਡਰਦੇ ਹਨ ਤਾਂ ਉਹ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਸਕਦੇ ਹਨ ਪਰ ਉਹ ਆਪਣੇ ਹਲਕੇ ਵਿੱਚ ਕੰਮ ਕਰਦੇ ਰਹਿਣਗੇ। ਰਾਜਾ ਵੜਿੰਗ ਨੇ ਸੰਦੀਪ ਨੂੰ ਚੁਣੌਤੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੂੰ ਅਬੋਹਰ ਦੇ ਵੋਟਰਾਂ ਦੇ ਸਮਰਥਨ 'ਤੇ ਜ਼ਿਆਦਾ ਭਰੋਸਾ ਹੈ ਤਾਂ ਉਹ ਨਵੇਂ ਸਿਰੇ ਤੋਂ ਚੋਣਾਂ ਜਿੱਤ ਕੇ ਦਿਖਾਉਣ।



ਦਰਅਸਲ ਸੁਨੀਲ ਜਾਖੜ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦੀ ਕਾਂਗਰਸ ਹਾਈਕਮਾਂਡ ਪ੍ਰਤੀ ਨਾਰਾਜ਼ਗੀ ਸੀ ਕਿਉਂਕਿ ਸਤੰਬਰ 2021 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਕੇ ਜਾਖੜ ਨੂੰ ਸੀਐਮ ਬਣਾਇਆ ਜਾ ਰਿਹਾ ਸੀ ਪਰ ਕੁਝ ਵਿਰੋਧ ਮਗਰੋਂ ਪਾਰਟੀ ਪਿੱਛੇ ਹਟ ਗਈ ਸੀ।