Farmer News: ਅਕਸਰ ਹੀ ਕਿਹਾ ਜਾਂਦਾ ਹੈ ਕਿ ਕੁੜੀਆਂ ਮੁੰਡਿਆਂ ਦੇ ਨਾਲੋਂ ਕਮਜ਼ੋਰ ਹੁੰਦੀਆਂ ਨੇ ਤੇ ਮੁੰਡਿਆਂ ਨੂੰ ਸਭ ਤੋਂ ਵੱਧ ਤਰਜ਼ੀਹ ਦਿੱਤੀ ਜਾਂਦੀ ਹੈ ਪਰ ਅੱਜਕੱਲ ਦੇ ਜ਼ਮਾਨੇ ਵਿੱਚ ਧੀਆਂ ਆਪਣੇ ਮਾਂ ਬਾਪ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀਆਂ ਨਜ਼ਰ ਆਉਂਦੀਆਂ ਹਨ। ਚਾਹੇ ਉਹ ਸਿੱਖਿਆ ਦਾ ਖੇਤਰ ਹੋਵੇ ਚਾਹੇ ਤਕਨੀਕੀ ਖੇਤਰ ਹੋਵੇ ਜਾਂ ਫਿਰ ਕੋਈ ਵਪਾਰਕ ਖੇਤਰ ਹੋਵੇ ਹਰ ਪਾਸੇ ਕੁੜੀਆਂ ਮੁੰਡਿਆਂ ਦੇ ਨਾਲੋਂ ਕਿਸੇ ਵੀ ਗੱਲੋਂ ਘੱਟ ਨਜ਼ਰ ਨਹੀਂ ਆ ਰਹੀਆਂ ਹਨ।


12 ਸਾਲਾਂ ਪਿਤਾ ਨਾਲ ਕੰਮ ਕਰਵਾ ਰਹੀ ਹੈ ਇਹ ਲਾਡਲੀ


ਅਸੀਂ ਗੱਲ ਕਰ ਰਹੇ ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਲੰਡੇ ਰੋਡੇ ਦੀ, ਜਿੱਥੇ ਦੀ ਰਹਿਣ ਵਾਲੀ ਲੜਕੀ ਸੰਦੀਪ ਕੌਰ ਜੋ ਕਿ ਪਿਛਲੇ 10-11 ਸਾਲਾਂ ਤੋਂ ਆਪਣੇ ਪਿਤਾ ਦੇ ਨਾਲ ਆਪਣੇ ਪਿਤਾ ਪੁਰਖੀ ਜ਼ਮੀਨ ਦੇ ਉੱਪਰ ਖੇਤੀ ਕਰਦੀ ਹੋਈ ਆ ਰਹੀ ਹੈ। ਸੰਦੀਪ ਕੌਰ ਨੇ ਦੱਸਿਆ ਕਿ ਉਹ ਪਿਛਲੇ 10 12 ਸਾਲ ਤੋਂ ਟਰੈਕਟਰ ਚਲਾ ਕੇ ਖੇਤੀਬਾੜੀ ਦਾ ਸਾਰਾ ਕੰਮ ਕਰ ਲੈਂਦੀ ਹੈ. ਫ਼ਸਲ ਬੀਜਣ ਤੋਂ ਲੈ ਕੇ ਫਸਲ ਦੀ ਕਟਾਈ ਤੱਕ ਦਾ ਕੰਮ ਉਹ ਬਾਖੂਬੀ ਕਰ ਲੈਂਦੀ ਹੈ। ਉਹ ਆਪਣੇ ਪਰਿਵਾਰ ਦੀ ਲਾਡਲੀ ਰਹੀ ਹੈ ਤੇ ਬਚਪਨ ਤੋਂ ਹੀ ਆਪਣੇ ਪਿਤਾ ਦੇ ਨਾਲ ਖੇਤਾਂ ਵਿੱਚ ਆਉਂਦੀ ਸੀ ਤੇ ਬਚਪਨ ਤੋਂ ਹੀ ਉਸ ਦਾ ਲਗਾਅ ਖੇਤਾਂ ਦੇ ਨਾਲ ਰਿਹਾ ਹੈ ਤੇ ਇਸ ਦੇ ਨਾਲ ਹੀ ਪੜ੍ਹਾਈ ਨੂੰ ਵੀ ਬਹੁਤ ਚੰਗੀ ਤਰ੍ਹਾਂ ਮੈਨੇਜ ਕਰ ਰਹੀ ਹੈ। ਜੇ ਸੰਦੀਪ ਦੇ ਕੰਮ ਬਾਰੇ ਨਜ਼ਰ ਮਾਰੀਏ ਤਾਂ ਉਹ ਖੇਤ ਵਿੱਚ ਵੱਟਾਂ ਪੋਚਦੀ ਅਤੇ ਖਾਲ ਸਵਾਰ ਦੀ ਹੈ। ਸੰਦੀਪ ਦਾ ਕਹਿਣਾ ਕਿ ਜਦੋਂ ਵੀ ਉਸ ਨੂੰ ਛੁੱਟੀਆਂ ਹੁੰਦੀਆਂ ਹਨ ਉਹ ਆਪਣੇ ਪਿਤਾ ਦੇ ਨਾਲ ਖੇਤ ਵਿੱਚ ਆ ਕੇ ਖੇਤ ਦਾ ਸਾਰਾ ਕੰਮ ਕਰਕੇ ਆਪਣੇ ਪਿਤਾ ਦਾ ਹੱਥ ਵੰਡਾਉਂਦੀ ਹੈ। 


ਖੇਤੀਬਾੜੀ ਮਹਿਕਮੇ ਵਿੱਚ ਅਫ਼ਸਰ ਬਣਨਾ ਚਾਹੁੰਦੀ ਹੈ ਸੰਦੀਪ


ਸੰਦੀਪ ਦਾ ਕਹਿਣਾ ਹੈ ਕਿ ਉਸਨੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਕਰਕੇ 90 ਫੀਸਦੀ ਤੋਂ ਉੱਪਰ ਦੇ ਅੰਕ ਪ੍ਰਾਪਤ ਕੀਤੇ ਹੋਏ ਹਨ ਤੇ ਹੁਣ ਉਹ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਕਰ ਰਹੀ ਹੈ ਤੇ ਉਸਦੀ ਇੱਛਾ ਹੈ ਕਿ ਉਹ ਖੇਤੀਬਾੜੀ ਮਹਿਕਮੇ ਦੇ ਵਿੱਚ ਬਤੌਰ ਏਡੀਓ ਕੰਮ ਕਰੇ ਤੇ ਲੋਕਾਂ ਨੂੰ ਖੇਤੀਬਾੜੀ ਦੇ ਕਿੱਤੇ ਦੇ ਨਾਲ ਜੁੜ ਕੇ ਜਾਗਰੂਕ ਕਰੇ। ਜ਼ਿਕਰ ਕਰ ਦਈਏ ਕਿ ਸਨਦੀਪ ਤਿੰਨ ਭੈਣਾਂ ਤੋਂ ਸਭ ਤੋਂ ਛੋਟੀ ਹੈ ਤੇ ਸਨਦੀਪ ਦੀ ਇੱਕ ਭੈਣ ਸਰਕਾਰੀ ਨੌਕਰੀ ਅਤੇ ਇੱਕ ਭੈਣ ਪ੍ਰਾਈਵੇਟ ਯੂਨੀਵਰਸਟੀ ਵਿਖੇ ਪ੍ਰੋਫੈਸਰ ਦੀ ਨੌਕਰੀ ਕਰ ਰਹੀ ਹੈ। 


ਕਿਵੇਂ ਸ਼ੁਰੂ ਕੀਤਾ ਸੀ ਖੇਤੀ ਦਾ ਕੰਮ


ਸੰਦੀਪ ਨੇ ਦੱਸਿਆ ਕਿ ਬਚਪਨ ਦੇ ਵਿੱਚ ਜਦੋਂ ਉਹ 10-11 ਸਾਲਾਂ ਦੀ ਸੀ ਤਾਂ ਉਹ ਆਪਣੇ ਪਿਤਾ ਦੇ ਨਾਲ ਖੇਤ ਵਿੱਚ ਆਈ ਤੇ ਅਚਾਨਕ ਖੇਤ ਵਿੱਚ ਕੰਮ ਕਰ ਰਹੇ ਉਸ ਦੇ ਪਿਤਾ ਦੇ ਪੈਰ 'ਤੇ ਉੱਪਰ ਸੱਟ ਲੱਗ ਗਈ ਤੇ ਖੇਤ ਵਿੱਚ ਥੋੜਾ ਕੰਮ ਹੀ ਰਹਿ ਗਿਆ ਤੇ ਸੰਦੀਪ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਉਸ ਕੰਮ ਨੂੰ ਪੂਰਾ ਕਰ ਦੇਵੇਗੀ ਤੇ ਉਸਦੇ ਪਿਤਾ ਨੇ ਉਸ ਨੂੰ ਟਰੈਕਟਰ ਸਟਾਰਟ ਕਰਕੇ ਦਿੱਤਾ ਤੇ ਸੰਦੀਪ ਨੇ ਟਰੈਕਟਰ ਚਲਾਕੇ ਖੇਤ ਵਿੱਚ ਬਾਕੀ ਰਹਿੰਦਾ ਕੰਮ ਪੂਰਾ ਕਰ ਦਿੱਤਾ। ਉਸ ਤੋਂ ਬਾਅਦ ਸੰਦੀਪ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਦੇ ਕੰਮਾਂ ਵਿੱਚ ਹੱਥ ਵੰਡਾਉਣ ਲੱਗੀ ਹੈ।


'ਸੰਦੀਪ ਧੀ ਨਹੀਂ ਸਗੋਂ ਉਨ੍ਹਾਂ ਦਾ ਪੁੱਤ'


ਸੰਦੀਪ ਦੇ ਪਿਤਾ ਗੁਰਟੇਕ ਸਿੰਘ ਨੇ ਦੱਸਿਆ ਕਿ ਉਨਾਂ ਦੀਆਂ ਤਿੰਨ ਬੇਟੀਆਂ ਹਨ ਅਤੇ ਸਨਦੀਪ ਸਭ ਤੋਂ ਛੋਟੀ ਅਤੇ ਸਭ ਦੀ ਲਾਡਲੀ ਹੈ। ਉਨ੍ਹਾਂ ਕਿਹਾ ਕਿ ਸੰਦੀਪ 10-11 ਸਾਲਾਂ ਦੀ ਸੀ ਉਦੋਂ ਤੋਂ ਹੀ ਸਨਦੀਪ ਕੌਰ ਉਨ੍ਹਾਂ ਦੇ ਨਾਲ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਹੱਥ ਵੰਡਾਉਣ ਲੱਗ ਪਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਟੀ ਪੜ੍ਹਾਈ ਵਿੱਚ ਵੀ ਅਵਲ ਹੈ ਤੇ ਹੁਣ ਵੀ ਉਹਨਾਂ ਦੀ ਬੇਟੀ ਬੀਐਸਸੀ ਐਗਰੀ ਕਲਚਰ ਦੀ ਪੜ੍ਹਾਈ ਕਰਕੇ ਖੇਤੀਬਾੜੀ ਮਹਿਕਮੇ ਵਿੱਚ ਅਧਿਕਾਰੀ ਬਣਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸੰਦੀਪ ਉਨ੍ਹਾਂ ਦੀ ਧੀ ਨਹੀਂ ਸਗੋਂ ਉਨ੍ਹਾਂ ਦਾ ਪੁੱਤ ਹੈ ਤੇ ਸੰਦੀਪ ਪੁੱਤ ਬਣਕੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ


ਸੰਦੀਪ ਕੌਰ ਦੀ ਮਾਤਾ ਸਿਮਰਜੀਤ ਕੌਰ ਨੇ ਦੱਸਿਆ ਕਿ ਸੰਦੀਪ ਬਚਪਨ ਤੋਂ ਹੀ ਆਪਣੇ ਪਿਤਾ ਦੇ ਖੇਤਾਂ ਵਿੱਚ ਜਾ ਕੇ ਕੰਮ ਕਰਾਉਂਦੀ ਹੈ ਤੇ ਉਨ੍ਹਾਂ ਕਦੇ ਵੀ ਸੰਦੀਪ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਰੋਕ ਟੋਕ ਨਹੀਂ ਰੱਖੀ ਸਗੋਂ ਉਸ ਦੀ ਹੌਂਸਲਾ ਅਫਜ਼ਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਘਰੇਲੂ ਕੰਮ ਦੇ ਨਾਲ-ਨਾਲ ਸਿਲਾਈ ਘੜਾਈ ਦਾ ਕੰਮ ਵੀ ਕਰਦੀ ਹੈ ਤੇ ਉਨ੍ਹਾਂ ਨੂੰ ਆਪਣੀ ਬੇਟੀ ਦੇ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ


ਸੰਦੀਪ ਨੇ ਆਪਣੇ ਨੌਜਵਾਨ ਲੜਕੇ-ਲੜਕੀਆਂ ਜੋ ਕਿ ਵਿਦੇਸ਼ਾਂ ਦਾ ਰੁਖ਼ ਕਰ ਰਹੇ ਨੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਆਪਣੇ ਮਾਂ ਬਾਪ ਦਾ ਸਹਾਰਾ ਬਣੋ ਅਤੇ ਇੱਥੇ ਹੀ ਆਪਣੇ ਭਵਿੱਖ ਨੂੰ ਸਵਾਰਣ ਦੀ ਕੋਸ਼ਿਸ਼ ਕਰੋ