Sandeep Nangal Ambian Murder Case: ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਸਬੰਧੀ ਤਿੰਨ ਹੋਰ ਖੇਡ ਪਰਮੋਟਰਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚ ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਐਸੋਸੀਏਸ਼ਨ ਦੇ ਚੇਅਰਮੈਨ ਸੁਰਜਨ ਸਿੰਘ ਚੱਠਾ ਵਾਸੀ ਮੁਹਾਲੀ, ਵਿਸ਼ਵ ਕਬੱਡੀ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਮਾਨ ਉਰਫ ਸੁੱਖਾ ਮਾਨ ਤੇ ਰਾਇਲ ਕਿੰਗਜ਼ ਕਬੱਡੀ ਦੇ ਮਾਲਕ ਸਰਬਜੀਤ ਸਿੰਘ ਸੱਤਾ ਦੇ ਨਾਂ ਸ਼ਾਮਲ ਹਨ।
ਹਾਸਲ ਜਾਣਕਾਰੀ ਮੁਤਾਬਕ ਇਨ੍ਹਾਂ ਤਿੰਨਾਂ ਖੇਡ ਪਰਮੋਟਰਾਂ ਨੂੰ ਥਾਣਾ ਨਕੋਦਰ ਵਿੱਚ ਦਰਜ ਐਫਆਈਆਰ ਨੰਬਰ 42 ਵਿੱਚ ਨਾਮਜ਼ਦ ਕੀਤਾ ਗਿਆ ਹੈ। ਕਬੱਡੀ ਖਿਡਾਰੀ ਦੇ ਕਤਲ ਦੀ ਮੁੱਖ ਵਜ੍ਹਾ ਕਬੱਡੀ ਜਥੇਬੰਦੀਆਂ ਦੀ ਨਿੱਜੀ ਰੰਜਿਸ਼ ਮੰਨੀ ਜਾ ਰਹੀ ਹੈ। ਸੰਦੀਪ ਦੀ ਕਬੱਡੀ ਐਸੋਸੀਏਸ਼ਨ ਹੋਰਾਂ ਦੇ ਮੁਕਾਬਲੇ ਵੱਧ ਮਕਬੂਲ ਸੀ ਤੇ ਉਸ ਨਾਲ ਨਾਮਵਰ ਖਿਡਾਰੀ ਲਗਾਤਾਰ ਜੁੜਦੇ ਜਾ ਰਹੇ ਸਨ।
ਸੰਦੀਪ ਸਿੰਘ ਨੰਗਲ ਅੰਬੀਆਂ ਦੇ ਭਰਾ ਮੁਤਾਬਕ ਉਹ ਲੰਬੇ ਸਮੇਂ ਤੋਂ ਇਨ੍ਹਾਂ ਤਿੰਨੋਂ ਵਿਅਕਤੀਆਂ ਦੇ ਨਾਮ ਐਫਆਈਆਰ ਵਿੱਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਕਿਸੇ ਨੇ ਇਨ੍ਹਾਂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਬਾਰੇ ਸੂਚਨਾ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਜੁਲਾਈ ਦੇ ਸ਼ੁਰੂ ਵਿੱਚ ਨਾਮਜ਼ਦ ਕੀਤਾ ਗਿਆ ਸੀ ਪਰ ਪਰਿਵਾਰ ਨੂੰ ਇਸ ਬਾਰੇ ਬੀਤੇ ਦਿਨ ਜਾਣਕਾਰੀ ਮਿਲੀ ਸੀ। ਉਨ੍ਹਾਂ ਮੰਗ ਕੀਤੀ ਕਿ ਨਾਮਜ਼ਦ ਖੇਡ ਪਰਮੋਟਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
ਹਾਸਲ ਜਾਣਕਾਰੀ ਅਨੁਸਾਰ ਪਿੰਡ ਮੱਲੀਆਂ ਖੁਰਦ ਵਿੱਚ 14 ਮਾਰਚ ਨੂੰ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਮਾਮਲੇ ਸਬੰਧੀ ਹੁਣ ਤੱਕ ਨੌਂ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।
ਚੱਲਦੇ ਕਬੱਡੀ ਟੂਰਨਾਮੈਂਟ 'ਚ ਹੋਈ ਸੀ ਨੰਗਲ ਅੰਬੀਆਂ ਦੀ ਹੱਤਿਆ
ਜ਼ਿਕਰਯੋਗ ਹੈ ਕਿ ਪੰਜਾਬ ਦੇ ਜਲੰਧਰ 'ਚ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ 40 ਸਾਲਾਂ ਦੇ ਸਨ। ਪੁਲਿਸ ਨੇ ਦੱਸਿਆ ਕਿ ਨਕੋਦਰ ਦੇ ਪਿੰਡ ਮੱਲੀਆਂ ਖੁਰਦ 'ਚ ਜਦੋਂ ਸੰਦੀਪ ਟੂਰਨਾਮੈਂਟ ਵਾਲੀ ਥਾਂ ਤੋਂ ਬਾਹਰ ਆਇਆ ਤਾਂ ਚਾਰ ਵਿਅਕਤੀਆਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਦੱਸਣਯੋਗ ਹੈ ਕਿ ਕਬੱਡੀ ਖਿਡਾਰੀ 'ਤੇ ਅੱਠ ਤੋਂ 10 ਗੋਲੀਆਂ ਚਲਾਈਆਂ ਗਈਆਂ। ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਸੰਦੀਪ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਜੱਗੂ ਭਗਵਾਨਪੁਰੀਆ, ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਕਤਲ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ ਪੁਲਿਸ ਟੀਮ ਨੇ ਕਾਰ ਚਾਲਕ ਯਾਦਵਿੰਦਰ ਸਿੰਘ ਉਰਫ਼ ਯਾਦ ਨੂੰ ਵੀ ਗਿ੍ਫ਼ਤਾਰ ਕਰ ਲਿਆ, ਜਿਸ ਪਾਸੋਂ ਨਾਜਾਇਜ਼ ਹਥਿਆਰਾਂ ਨਾਲ ਭਰੀ ਗੱਡੀ ਵੀ ਬਰਾਮਦ ਹੋਈ।