ਬਰਨਾਲਾ : ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ। ਸਾਰੀਆਂ ਸਿਆਸੀਆਂ ਪਾਰਟੀਆਂ ਦਾ ਚੋਣ ਪ੍ਰਚਾਰ ਜ਼ੋਰਾਂ 'ਤੇ ਚਲ ਰਿਹਾ ਹੈ। ਇਸ ਦੌਰਾਨ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅੱਜ ਲੋਕ ਸਭਾ ਜ਼ਿਮਨੀ ਚੋਣ ਲਈ ਪ੍ਰਚਾਰ ਕਰਨ ਬਰਨਾਲਾ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡਾ ਉਮੀਦਵਾਰ ਦਲਵੀਰ ਸਿੰਘ ਗੋਲਡੀ ਮਿਹਨਤੀ 
'ਤੇ ਜ਼ਮੀਨੀ ਪੱਧਰ ਤੋਂ ਉੱਠਿਆ ਉਮੀਦਵਾਰ ਹੈ। ਜਦਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਇੱਕ ਡੰਮੀ ਸਰਪੰਚ ਹੈ।


  ਉਨ੍ਹਾਂ ਕਿਹਾ ਕਿ ਬਦਲਾਅ ਦੇ ਨਾਮ 'ਤੇ ਇਨ੍ਹਾਂ ਸਰਕਾਰ ਤਾਂ ਬਣਾ ਲਈ ਪਰ ਸਰਕਾਰ ਚਲਾਉਣੀ ਨਹੀਂ ਆਉਂਦੀ। ਪੰਜਾਬ ਦੇ ਲੋਕ ਵੀ ਤਿੰਨ ਮਹੀਨਿਆਂ ਅੰਦਰ ਹੀ ਪਛਤਾ ਰਹੇ ਹਨ  ਇਸ ਮੌਕੇ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸੀਐਮ ਦੇ ਪਦ 'ਤੇ ਹਨ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਇੱਕ ਸਟੇਟ ਨੂੰ ਚਲਾਉਣ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪਰ ਉਨ੍ਹਾਂ ਦੇ ਬਿਆਨ ਸਟੇਟਮੈਂਟਾਂ ਮਜ਼ਾਕੀਆ ਲਹਿਜੇ ਵਿੱਚ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰ ਰਹੀ ਹੈ।

ਉਨ੍ਹਾਂ ਤਿੱਖੀ  ਪ੍ਰਤੀਕਿਰਿਆ ਦਿੰਦੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ  ਪੰਜਾਬ ਦੇ ਲੋਕ ਦੱਸ ਦੇਣਗੇ ਕਿ ਉਨ੍ਹਾਂ ਦੇ ਫ਼ੈਸਲੇ ਸਹੀ ਹਨ ਜਾਂ ਗਲਤ ਹਨ ਉਨ੍ਹਾਂ ਕਿਹਾ ਕਿ ਸੱਤਾ ਵਿੱਚ ਹੁੰਦੇ ਹੋਏ ਹਰ ਇੱਕ ਨੂੰ ਲੱਗਦਾ ਹੈ ਕਿ ਉਹ ਬਹੁਤ ਚੰਗੇ ਫ਼ੈਸਲੇ ਕਰ ਰਹੇ ਹਨ। ਪਰ ਜਦੋਂ ਲੋਕ ਫਤਵਾ ਦਿੰਦੇ ਹਨ ਤਾਂ ਅਸਲੀਅਤ ਸਾਹਮਣੇ ਆ ਜਾਂਦੀ ਹੈ।


 


ਸੰਗਰੂਰ ‘ਚ ਪਾਰਦਰਸ਼ੀ ਤੇ ਨਿਰਪੱਖ ਜ਼ਿਮਨੀ ਚੋਣ ਕਰਾਉਣ ਲਈ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਹਨ ਪੁਖ਼ਤਾ ਪ੍ਰਬੰਧ: ਰਿਟਰਨਿੰਗ ਅਫ਼ਸਰ


ਸੰਗਰੂਰ: ਲੋਕ ਸਭਾ ਹਲਕਾ-12 ਸੰਗਰੂਰ ਦੇ ਰਿਟਰਨਿੰਗ ਅਫਸਰ ਜਤਿੰਦਰ ਜੋਰਵਾਲ ਨੇ ਐਤਵਾਰ ਨੂੰ ਦੱਸਿਆ ਕਿ ਹਲਕੇ ਵਿੱਚ ਚੋਣਾਂ ਸਬੰਧੀ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਜ਼ਿਮਨੀ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਦੇ ਮੱਦੇਨਜ਼ਰ ਸਾਰੇ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕਾ-ਸੰਗਰੂਰ ਅਧੀਨ ਪੈਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੀ ਸਰਕਾਰੀ ਮਸ਼ੀਨਰੀ 24 ਘੰਟੇ ਕੰਮ ਕਰ ਰਹੀ ਹੈ ਤਾਂ ਜੋ ਸਾਂਤਮਈ, ਸੁਤੰਤਰ ਅਤੇ ਨਿਰਪੱਖ ਢੰਗ ਨਾਲ ਚੋਣਾਂ ਦੇ ਅਮਲ ਨੂੰ ਨੇਪਰੇ ਚਾੜਿਆ ਜਾ ਸਕੇ।  ਉਨਾਂ ਦੱਸਿਆ ਕਿ ਹਲਕੇ ਵਿੱਚ ਕੁੱਲ 15,69,240 ਵੋਟਰ ਹਨ ਜਿਨਾਂ ਵਿੱਚ 8,30,056 ਪੁਰਸ਼, 7,39,140 ਔਰਤਾਂ ਅਤੇ 44 ਟਰਾਂਸਜੈਂਡਰ ਸ਼ਾਮਲ ਹਨ। ਉਨਾਂ ਕਿਹਾ ਕਿ ਇਸ ਜ਼ਿਮਨੀ ਚੋਣ ਲਈ ਕੁੱਲ 16 ਉਮੀਦਵਾਰ- 13 ਪੁਰਸ਼ ਅਤੇ 3 ਔਰਤਾਂ ਮੈਦਾਨ ਵਿੱਚ ਹਨ।