ਚੰਡੀਗੜ੍ਹ: ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਸੰਗਰੂਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਸਬੰਧੀ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਪੰਜਾਬ ਸਰਕਾਰ ਵਿੱਚ ਦਿੱਲੀ ਦੀ ਦਖ਼ਲਅੰਦਾਜ਼ੀ ਨੂੰ ਹਰਾਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਪੰਜਾਬ ਦੇ ਮਾਮਲਿਆਂ ਵਿੱਚ ਰਾਘਵ ਚੱਢਾ ਦੀ ਦਖ਼ਲਅੰਦਾਜ਼ੀ ਲੋਕਾਂ ਨੂੰ ਰੜਕ ਰਹੀ ਹੈ।
ਡਾ. ਗਾਂਧੀ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਮਗਰੋਂ ਹੁਣ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਵੀ ਮੈਂਬਰ ਨਹੀਂ ਰਹਿ ਗਿਆ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਵਿੱਚ ‘ਆਪ’ ਦੋ ਮੰਤਰੀਆਂ ਗੁਰਮੀਤ ਸਿੰਘ ਮੀਤ ਹੇਅਰ ਤੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਵਿੱਚੋਂ ਬੁਰੀ ਤਰ੍ਹਾਂ ਹਾਰੀ ਹੈ।
ਉਧਰ, ‘ਆਪ’ ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ‘ਆਪ’ ਉਮੀਦਵਾਰ ਗੁਰਮੇਲ ਸਿੰਘ ਬਹੁਤ ਹੀ ਸਖਤ ਮੁਕਾਬਲੇ ਵਿੱਚ ਹਾਰੇ ਹਨ। ਕੰਗ ਨੇ ਦਾਅਵਾ ਕੀਤਾ ਕਿ ‘ਆਪ’ ਨੂੰ ਸਾਲ 2019 ਦੀਆਂ ਲੋਕ ਸਭਾ ਚੋਣਾਂ ਮੁਕਾਬਲੇ ਸਿਰਫ਼ 2 ਫ਼ੀਸਦ ਵੋਟਾਂ ਘਟੀਆਂ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ।
ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਜਿੱਤ-ਹਾਰ ਤੋਂ ਘਬਰਾਉਣ ਵਾਲੀ ਨਹੀਂ। ਅਸੀਂ ਆਮ ਲੋਕਾਂ ’ਚੋਂ ਹਾਂ ਤੇ ਲੋਕਾਂ ਵਿਚ ਰਹਾਂਗੇ। ਉਨ੍ਹਾਂ ਕਿਹਾ ਕਿ ਉਹ ਇਸ ਚੋਣ ਤੋਂ ਸਬਕ ਸਿੱਖਣਗੇ ਤੇ ਭਵਿੱਖ ਵਿੱਚ ਪੰਜਾਬ ਦੇ ਲੋਕਾਂ ਲਈ ਹੋਰ ਮਿਹਨਤ ਨਾਲ ਕੰਮ ਕਰਾਂਗੇ।
ਦੱਸ ਦਈਏ ਕਿ ਸੰਸਦੀ ਹਲਕੇ ਦੀ ਉਪ ਚੋਣ ਹਾਰਨ ਮਗਰੋਂ ਆਮ ਆਦਮੀ ਪਾਰਟੀ ਦਾ ਜਿੱਥੇ ਲੋਕ ਸਭਾ ’ਚ ਖਾਤਾ ਬੰਦ ਹੋ ਗਿਆ ਹੈ, ਉਥੇ ਪੰਜਾਬ ਦੀ ਸੱਤਾ ’ਤੇ ਕਾਬਜ਼ ‘ਆਪ’ ਸੌ ਦਿਨ ਦੀ ਕਾਰਗੁਜ਼ਾਰੀ ਮਗਰੋਂ ਆਪਣੇ ਪਲੇਠੇ ਇਮਤਿਹਾਨ ਵਿੱਚ ਮਾਤ ਖਾ ਗਈ ਹੈ। ਸੰਗਰੂਰ ਲੋਕ ਸਭਾ ਹਲਕੇ ਤੋਂ ਸਾਲ 2014 ਦੀ ਚੋਣ ਵਿੱਚ ‘ਆਪ’ ਉਮੀਦਵਾਰ ਭਗਵੰਤ ਮਾਨ ਨੇ 2,11,721 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ।
ਸਾਲ 2019 ਦੀ ਚੋਣ ਮੌਕੇ ਭਗਵੰਤ ਮਾਨ ਨੇ ਮੁੜ 1,10,211 ਵੋਟਾਂ ਨਾਲ ਜਿੱਤ ਦੇ ਝੰਡੇ ਬੁਲੰਦ ਰੱਖੇ। ਫਰਵਰੀ ਮਹੀਨੇ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ 92 ਸੀਟਾਂ ਜਿੱਤ ਕੇ ਸੂਬੇ ਦੀ ਸੱਤਾ ’ਤੇ ਕਾਬਜ਼ ਹੋਈ ਤੇ ਭਗਵੰਤ ਮਾਨ ਮੁੱਖ ਮੰਤਰੀ ਬਣੇ ਸਨ। ਉਨ੍ਹਾਂ ਦੇ ਅਸਤੀਫਾ ਦੇਣ ਨਾਲ ਸੰਗਰੂਰ ਲੋਕ ਸਭਾ ਸੀਟ ਖਾਲੀ ਹੋਈ ਸੀ ਜਿੱਥੋਂ ਚੋਣ ਨਤੀਜਿਆਂ ਵਿੱਚ ‘ਆਪ’ ‘ਆਪ’ ਉਮੀਦਵਾਰ ਦੀ ਹਾਰ ਹੋਣ ਨਾਲ ਪਾਰਟੀ ਦੀ ਲੋਕ ਸਭਾ ’ਚ ਨੁਮਾਇੰਦਗੀ ਖਤਮ ਹੋ ਗਈ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸੰਗਰੂਰ ਸੰਸਦੀ ਹਲਕੇ ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ ਸੰਗਰੂਰ, ਧੂਰੀ, ਸੁਨਾਮ, ਦਿੜਬਾ, ਲਹਿਰਾਗਾਗਾ, ਮਾਲੇਰਕੋਟਲਾ, ਮਹਿਲ ਕਲਾਂ, ਬਰਨਾਲਾ ਤੇ ਭਦੌੜ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਸੀ, ਜਿਸ ਕਾਰਨ ਸੰਗਰੂਰ ਸੰਸਦੀ ਹਲਕੇ ਨੂੰ ‘ਆਪ’ ਦਾ ਗੜ੍ਹ ਮੰਨਿਆ ਜਾਂਦਾ ਸੀ।