Sangrur by polls: ਸੰਗਰੂਰ ਲੋਕ ਸਭਾ ਸੀਟ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਐੱਮ ਦੇ ਅਹੁਦੇ ਦੀ ਸਹੁੰ ਚੁੱਕੀ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਅਤੇ ਹੁਣ ਇਸ ਸੀਟ ਲਈ 23 ਜੂਨ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ । ਅੱਜ ਸੰਗਰੂਰ ਉਪ ਚੋਣ ਲਈ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਸੀ ਅਤੇ ਪੰਜਾਬ ਵਿੱਚ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੀਆਂ ਹਨ। 



ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਬਲਵੰਤ ਸਿੰਘ ਰਾਜੋਆਣਾ , ਜੋ ਬੇਅੰਤ ਸਿੰਘ ਦੇ ਕਤਲ ਮਾਮਲੇ 'ਚ ਸਜ਼ਾ ਕੱਟ ਰਹੇ ਹਨ ਦੀ ਭੈਣ ਕਮਲਦੀਪ ਕੌਰ ਨੂੰ ਟਿਕਟ ਦਿੱਤੀ ਗਈ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਜਿਹੜੇ ਸਿੱਖ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਪਰ ਹੁਣ ਵੀ ਉਹ ਵੱਖ-ਵੱਖ ਜੇਲ੍ਹਾਂ 'ਚ ਬੰਦ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਰਾਜੋਆਣਾ ਦੀ ਭੈਣ ਦੇ ਲੋਕ ਸਭਾ ਜਿੱਤਣ 'ਤੇ ਇਹ ਮੰਗ ਵੱਡੇ ਪੱਧਰ 'ਤੇ ਜਾ ਸਕਦੀ ਹੈ। 



ਉੱਥੇ ਹੀ ਰਾਜੋਆਣਾ ਦੀ ਭੈਣ ਨੇ ਕਿਹਾ ਕਿ ਜੇਕਰ ਉਹ ਜਿੱਤ ਜਾਂਦੇ ਹਨ ਤਾਂ ਉਹ ਇਹ ਮੁੱਦਾ ਲੋਕ ਸਭਾ ਵਿੱਚ ਚੁੱਕਣਗੇ। ਉਨ੍ਹਾਂ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਸਿੱਖ ਧਰਮ ਨਾਲ ਜੁੜੇ ਲੋਕ ਉਨ੍ਹਾਂ ਨੂੰ ਜ਼ਰੂਰ ਜਿਤਾਉਣਗੇ।
ਉੱਥੇ ਹੀ ਕਾਂਗਰਸ ਨੇ ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਗੋਲਡੀ ਨੂੰ ਟਿਕਟ ਦਿੱਤੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਗੋਲਡੀ ਨੇ ਭਗਵੰਤ ਮਾਨ ਦਾ ਚੰਗੀ ਤਰ੍ਹਾਂ ਮੁਕਾਬਲਾ ਕੀਤਾ ਸੀ ਇਸ ਲਈ ਉਸ ਨੂੰ ਟਿਕਟ ਦਿੱਤੀ ਗਈ ਹੈ। 
ਦਲਵੀਰ ਗੋਲਡੀ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ 'ਤੇ ਭਰੋਸਾ ਜਤਾਇਆ ਹੈ, ਉਹ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ । 



ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਨੇ ਇਸ ਵਾਰ ਭਾਜਪਾ 'ਚ ਕੁਝ ਦਿਨ ਪਹਿਲਾਂ ਸ਼ਾਮਲ ਹੋਏ ਪੁਰਾਣੇ ਕਾਂਗਰਸੀ ਆਗੂ ਕੇਵਲ ਢਿੱਲੋਂ ਨੂੰ ਟਿਕਟ ਦਿੱਤੀ ਹੈ। 



ਭਾਜਪਾ ਉਮੀਦਵਾਰ ਕੇਵਲ ਢਿੱਲੋਂ ਦਾ ਕਹਿਣਾ ਹੈ ਕਿ ਉਹ ਕੇਂਦਰ ਸਰਕਾਰ ਕੋਲ ਕਿਸਾਨਾਂ ਦੇ ਮੁੱਦੇ ਉਠਾਉਣਗੇ ਅਤੇ ਇੰਡੱਸਟਰੀ ਨਾਲ ਸੰਬੰਧਤ ਮੁੱਦੇ ਚੁੱਕੇ ਜਾਣਗੇ। 



ਉੱਥੇ ਹੀ ਜੇਕਰ ਗੱਲ ਆਮ ਆਦਮੀ ਪਾਰਟੀ ਦੀ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੇ ਵੀ ਆਪਣਾ ਦਮ ਭਰ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਗਵੰਤ ਮਾਨ ਇਸ ਸੀਟ ਤੋਂ ਦੋ ਵਾਰ ਜਿੱਤੇ ਹਨ, ਉਹ ਵੀ ਅਜਿਹਾ ਹੀ ਕਰਨਗੇ ਅਤੇ ਚੋਣ ਲਈ ਤਿਆਰ ਰਹਿਣਗੇ| 



ਇੱਥੇ ਸਾਰੀਆਂ ਮੁੱਖ ਪਾਰਟੀਆਂ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ, ਇਸ ਲਈ ਵੋਟਰ ਕੀ ਸੋਚਦਾ ਹੈ, ਇਹ ਤਾਂ 23 ਤਰੀਕ ਨੂੰ ਹੀ ਪਤਾ ਲੱਗੇਗਾ, ਜਦੋਂ ਵੋਟਰ ਆਪਣੀ ਵੋਟ ਰਾਹੀਂ ਫੈਸਲਾ ਕਰੇਗਾ ਕਿ ਉਹ ਕਿਸ ਦੇ ਹੱਕ ਵਿੱਚ ਜਾ ਰਿਹਾ ਹੈ।