ਮੂਨਕ/ਸੰਗਰੂਰ, 8 ਜੁਲਾਈ:
ਸੰਗਰੂਰ: ਬਰਸਾਤਾਂ ਦੇ ਮੌਸਮ ’ਚ ਘੱਗਰ ਦਰਿਆ ਦੀ ਮਾਰ ਹੇਠ ਆਉਣ ਵਾਲੇ ਜ਼ਿਲਾ ਸੰਗਰੂਰ ਦੇ ਇਲਾਕਿਆਂ ’ਚ ਹੜਾਂ ਦਾ ਪ੍ਰਭਾਵ ਘੱਟ ਤੋਂ ਘੱਟ ਕਰਨ ਲਈ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਵੱਖ-ਵੱਖ ਵਿਭਾਗਾਂ ’ਚ ਆਫ਼ਤ ਮੌਕੇ ਤਾਲਮੇਲ ਵਧਾਉਣ ਦੇ ਮਕਸਦ ਨਾਲ ਅੱਜ ਸੰਗਰੂਰ ਜ਼ਿਲਾ ਪ੍ਰਸ਼ਾਸਨ ਵੱਲੋਂ ਮੂਨਕ ਨੇੜਲੇ ਪਿੰਡ ਭੂੰਦੜ ਭੈਣੀ ਵਿਖੇ ਮੌਕ ਡਰਿੱਲ ਕਰਵਾਈ ਗਈ। ਇਸ ਮੌਕੇ ਵੱਖ-ਵੱਖ ਪ੍ਰਸ਼ਾਸਨਿਕ ਵਿਭਾਗਾਂ ਦੇ ਨਾਲ-ਨਾਲ ਐਨ.ਡੀ.ਆਰ.ਐਫ਼. ਦੀ ਟੀਮ ਵੱਲੋਂ ਵੀ ਇਸ ਮੌਕ ਡਰਿੱਲ ਵਿੱਚ ਹਿੱਸਾ ਲਿਆ ਗਿਆ ਅਤੇ ਅਧਿਕਾਰੀਆਂ, ਕਰਮਚਾਰੀਆਂ ਤੇ ਸਥਾਨਕ ਲੋਕਾਂ ਨੂੰ ਹੜਾਂ ਦੀ ਸਥਿਤੀ ’ਚ ਵਰਤੇ ਜਾਣ ਵਾਲੇ ਉਪਕਰਨਾਂ ਦੀ ਜਾਣਕਾਰੀ ਦੇਣ ਲਈ ਪ੍ਰਦਰਸ਼ਨੀ ਵੀ ਲਗਾਈ ਗਈ।
ਇਸ ਮੌਕ ਡਰਿੱਲ ਬਾਰੇ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ ਮੂਨਕ ਨਵਰੀਤ ਕੌਰ ਸੇਖੋਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ ’ਤੇ ਅੱਜ ਦੀ ਇਹ ਮੌਕ ਡਰਿੱਲ ਕਰਵਾਈ ਗਈ ਸੀ ਜਿਸਦਾ ਮਕਸਦ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਹੜਾਂ ਦੀ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਵਿਭਾਗਾਂ ਦਾ ਆਪਸੀ ਤਾਲਮੇਲ ਵਧਾਉਣਾ ਵੀ ਸੀ।
ਐਸ.ਡੀ.ਐਮ. ਨੇ ਦੱਸਿਆ ਕਿ ਮੌਕ ਡਰਿੱਲ ਦੌਰਾਨ ਐਨ.ਡੀ.ਆਰ.ਐਫ਼. ਵੱਲੋਂ ਆਫ਼ਤ ਪ੍ਰਬੰਧਨ ਦੀਆਂ ਤਕਨੀਕਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਜ਼ਿਲਾ ਪ੍ਰਸ਼ਾਸਨ ਵੱਲੋਂ ਵੀ ਤਹਿਸੀਲ ’ਚ ਮੌਜੂਦ ਹੜਾਂ ਦੌਰਾਨ ਵਰਤੀ ਜਾਣ ਵਾਲੀ ਸਮੱਗਰੀ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਗਈ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਕਿਸੇ ਵੀ ਤਰਾਂ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਹੈ ਅਤੇ ਹੜਾਂ ਦੀ ਖ਼ਤਰੇ ਨਾਲ ਹੋਣ ਵਾਲੇ ਸੰਭਾਵੀ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਹਰ ਲੋੜੀਂਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਇਸ ਮੌਕੇ ਐਨ.ਡੀ.ਆਰ.ਐਫ਼. ਦੇ ਇੰਸਪੈਕਟਰ ਰਿਟਾ. ਵਿੰਗ ਕਮਾਂਡਰ ਅਸ਼ੋਕ ਸ਼ਰਮਾ, ਤਹਿਸੀਲਦਾਰ ਮੂਨਕ ਪ੍ਰਵੀਨ ਕੁਮਾਰ ਸਿੰਗਲਾ, ਨਾਇਬ ਤਹਿਸੀਲਦਾਰ ਮੂਨਕ ਗੁਰਨੈਬ ਸਿੰਘ, ਨਾਇਬ ਤਹਿਸੀਲਦਾਰ ਖਨੌਰੀ ਰਵਿੰਦਰਜੀਤ ਸਿੰਘ, ਐਸ.ਐਮ.ਓ. ਮੂਨਕ ਦੇ ਨਾਲ-ਨਾਲ ਪੰਚਾਇਤ, ਨਗਰ ਕੌਂਸਲ, ਜੀ.ਓ.ਜੀਜ਼. ਤੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਸਥਾਨਕ ਐਨ.ਜੀ.ਓਜ਼. ਦੇ ਨੁਮਾਇੰਦੇ ਤੇ ਵੱਡੀ ਗਿਣਤੀ ’ਚ ਇਲਾਕੇ ਦੇ ਪਤਵੰਤੇ ਸ਼ਾਮਲ ਹੋਏ।
--