ਚੰਡੀਗੜ੍ਹ: ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਕਾਂਗਰਸ ਨੇ ਜਿੱਥੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਉਮੀਦਵਾਰ ਬਣਾਇਆ ਹੈ, ਉਥੇ ਹੀ ਭਾਰਤੀ ਜਨਤਾ ਪਾਰਟੀ ਨੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਹੈ। ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ 23 ਜੂਨ ਨੂੰ ਵੋਟਾਂ ਪੈਣਗੀਆਂ। ਦੱਸ ਦਈਏ ਕਿ ਉਪ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ ਸੋਮਵਾਰ ਹੈ।


ਇਸ ਦੇ ਨਾਲ ਹੀ ਗੋਲਡੀ ਅਤੇ ਢਿੱਲੋਂ ਸੋਮਵਾਰ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਇਹ ਪੁੱਛਣ 'ਤੇ ਕਿ ਉਹ ਮੁਕਾਬਲੇ ਨੂੰ ਕਿਵੇਂ ਦੇਖਦੇ ਹਨ ਤਾਂ ਕਾਂਗਰਸੀ ਗੋਲਡੀ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਮੈਂ ਸੰਗਰੂਰ ਦੇ ਲੋਕਾਂ ਦੀ ਆਵਾਜ਼ ਨੂੰ ਇਲਾਕੇ ਦੇ ਸਰਵਪੱਖੀ ਵਿਕਾਸ ਲਈ ਜ਼ੋਰਦਾਰ ਢੰਗ ਨਾਲ ਬੁਲੰਦ ਕਰ ਸਕਦਾ ਹਾਂ।"


ਉਧਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬਰਨਾਲਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਢਿੱਲੋਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜੋ ਸ਼ਨੀਵਾਰ ਨੂੰ ਇੱਥੇ ਸੂਬੇ ਦੇ ਚਾਰ ਹੋਰ ਕਾਂਗਰਸੀ ਆਗੂਆਂ ਸਮੇਤ ਪਾਰਟੀ ਵਿੱਚ ਸ਼ਾਮਲ ਹੋਏ ਹਨ।


ਬਲਵੰਤ ਸਿੰਘ ਦੀ ਭੈਣ ਕਮਲ ਬਣੀ ਅਕਾਲੀ ਉਮੀਦਵਾਰ


ਇਸ ਦੇ ਨਾਲ ਹੀ ਇਨ੍ਹਾਂ ਚੋਣਾਂ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਕਤਲ ਕੇਸ ਦੀ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਬਣਾਇਆ ਹੈ। ਉਹ ਸ਼ਨੀਵਾਰ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਆਪਣੇ ਭਰਾ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਲਈ ਇੱਥੇ ਪਹੁੰਚੀ, ਜਿਸ ਮਗਰੋਂ ਉਨ੍ਹਾਂ ਦੱਸਿਆਂ ਕਿ ਰਾਜੋਆਣਾ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ।


ਹੁਣ ਜਾਣੋ ਆਪ ਉਮੀਦਵਾਰ ਬਾਰੇ


ਸੱਤਾਧਾਰੀ ਆਮ ਆਦਮੀ ਪਾਰਟੀ ਨੇ ਜ਼ਿਮਨੀ ਚੋਣ ਲਈ ਗੁਰਮੇਲ ਸਿੰਘ, ਜੋ ਪਾਰਟੀ ਦੀ ਸੰਗਰੂਰ ਜ਼ਿਲ੍ਹਾ ਇਕਾਈ ਦੇ ਜ਼ਿਲ੍ਹਾ ਇੰਚਾਰਜ ਹਨ, ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਸ਼ਨੀਵਾਰ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।


ਕਦੋਂ ਹੋਣਗੀਆਂ ਚੋਣਾਂ ਅਤੇ ਕਦੋਂ ਆਉਣਗੇ ਨਤੀਜੇ


ਸੰਗਰੂਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਕਾਰਨ ਇਸ ਸੀਟ 'ਤੇ ਉਪ ਚੋਣ ਕਰਵਾਉਣ ਦੀ ਲੋੜ ਪਈ ਹੈ। ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਮਾਨ ਨੇ ਧੂਰੀ ਤੋਂ ਵਿਧਾਨ ਸਭਾ ਚੋਣ ਜਿੱਤੀ ਸੀ। ਮਾਨ 2014 ਅਤੇ 2019 ਵਿੱਚ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤੇ ਸੀ। ਦੱਸ ਦਈਏ ਕਿ 23 ਜੂਨ ਨੂੰ ਹੋਣ ਵਾਲੀ ਇਸ ਉਪ ਚੋਣ ਲਈ ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ।


ਇਹ ਵੀ ਪੜ੍ਹੋ: Operation Blue Star Anniversary: ਸਾਕਾ ਨੀਲਾ ਤਾਰਾ ਦੀ 38ਵੀਂ ਵਰ੍ਹੇਗੰਢ ਮੌਕੇ ਪੇਸ਼ ਹੈ ਇਸ ਘਟਨਾ ਦੀ ਖਾਸ ਰਿਪੋਰਟ, ਜਾਣੋ ਇਸ ਦੀ ਕਹਾਣੀ