Sangrur Lok Sabha Seat: ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਸੰਗਰੂਰ ਲੋਕ ਸਭਾ ਸੀਟ ਚਰਚਾ 'ਚ ਹੈ। ਸੰਗਰੂਰ ਜ਼ਿਮਨੀ ਚੋਣ 'ਆਪ' ਦੇ ਵੱਕਾਰ ਦਾ ਸਵਾਲ ਹੈ ਕਿਉਂਕਿ ਇਸ ਸੀਟ ਤੋਂ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਦੋ ਵਾਰ ਸੰਸਦ ਮੈਂਬਰ ਬਣੇ ਹਨ। ਇਸ ਤੋਂ ਇਲਾਵਾ ਸੰਗਰੂਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁਣ ਤੱਕ ਦੇ ਕੰਮ ਦੀ ਵੀ ਪ੍ਰੀਖਿਆ ਹੋਏਗੀ।



ਦੱਸ ਦਈਏ ਕਿ ਸੰਗਰੂਰ ਸੀਟ ਲਈ ਜ਼ਿਮਨੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਅਜਿਹੇ 'ਚ ਹਰ ਪਾਰਟੀ ਵੱਲੋਂ ਆਪਣੇ ਮਜਬੂਤ ਦਾਅਵੇਦਾਰ ਪੇਸ਼ ਕੀਤੇ ਜਾਣਗੇ। ਇਸ ਲਈ 'ਆਪ' ਵੱਲੋਂ ਵੀ ਤਿਆਰੀ ਖਿੱਚ ਲਈ ਗਈ ਹੈ। 'ਆਪ' ਲਈ ਇਹ ਸੀਟ ਕਾਫੀ ਅਹਿਮ ਹੈ ਕਿਉਂਕਿ ਇਹ ਸੀਐਮ ਭਗਵੰਤ ਮਾਨ ਦਾ ਗੜ੍ਹ ਹੈ ਤੇ 2019 ਦੀਆਂ ਚੋਣਾਂ ਦੌਰਾਨ ਵੀ ਉਹ 'ਆਪ' ਦੇ ਇਕੱਲੇ ਹੀ ਸਾਂਸਦ ਸਨ ਜੋ ਜਿੱਤ ਦਾ ਪਰਚਮ ਲਹਿਰਾ ਕੇ ਲੋਕ ਸਭਾ ਪਹੁੰਚੇ ਸਨ।

ਉਨ੍ਹਾਂ ਦੇ ਸੀਐਮ ਬਣਨ ਤੋਂ ਬਾਅਦ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਇਹ ਸੀਟ ਖਾਲੀ ਹੋਈ ਹੈ ਤੇ ਹੁਣ 'ਆਪ' ਦੀ ਇਹ ਕੋਸ਼ਿਸ਼ ਰਹੇਗੀ ਕਿ ਇਹ ਸੀਟ ਪਾਰਟੀ ਦੀ ਬਣੀ ਰਹੇ। ਇਸ ਲਈ ਇਸ ਵਾਰ ਸੀਐਮ ਮਾਨ ਆਪ ਹੀ ਇਸ ਸੀਟ ਲਈ ਮੋਰਚਾ ਸੰਭਾਲਣਗੇ ਜਿਸ 'ਚ ਮੰਤਰੀ ਹਰਪਾਲ ਚੀਮਾ ਤੇ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਉਨ੍ਹਾਂ ਦਾ ਸਾਥ ਦਿੱਤਾ ਜਾਵੇਗਾ। ਉੱਥੇ ਹੀ ਜਾਣਕਾਰੀ ਮੁਤਾਬਕ ਵਿਧਾਇਕਾਂ ਨੂੰ ਵੀ ਤਾਲਮੇਲ ਕਰਨ ਲਈ ਕਿਹਾ ਗਿਆ ਹੈ

ਹਾਲਾਂਕਿ ਇਸ ਸੀਟ ਲਈ ਅਜੇ ਕਿਸੇ ਪਾਰਟੀ ਵੱਲੋਂ ਦਾਅਵੇਦਾਰ ਪੇਸ਼ ਨਹੀਂ ਕੀਤਾ ਗਿਆ ਹੈ ਪਰ ਵਿਧਾਨ ਸਭਾ ਚੋਣਾਂ ਦੌਰਾਨ ਸਿਆਸਤ ਲਈ ਚਰਚਾ 'ਚ ਆਏ ਨਾਮ ਪੰਜਾਬੀ ਗਾਇਕ ਕਰਮਜੀਤ ਅਨਮੋਲ ਵੀ ਇਸ ਰੇਸ 'ਚ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਸੀਐਮ ਮਾਨ ਦੀ ਭੈਣ ਮਨਪ੍ਰੀਤ ਕੌਰ ਲਈ ਪਹਿਲਾਂ ਹੀ ਪੋਸਟਰ ਲੱਗ ਚੁੱਕੇ ਹਨ।

ਦੱਸ ਦਈਏ ਕਿ  ਉਪ ਚੋਣ ਅਗਲੇ ਮਹੀਨੇ 23 ਜੂਨ ਨੂੰ ਹੋਣੀ ਹੈ। ਨਤੀਜੇ 26 ਮਈ ਨੂੰ ਐਲਾਨੇ ਜਾਣਗੇ। 6 ਜੂਨ ਤੋਂ ਜ਼ਿਮਨੀ ਚੋਣ ਲਈ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ ਅਤੇ 9 ਜੂਨ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਇਹ ਸਾਰੀ ਪ੍ਰਕਿਰਿਆ 28 ਜੂਨ ਤੱਕ ਪੂਰੀ ਕਰ ਲਈ ਜਾਵੇਗੀ।