ਅੰਮ੍ਰਿਤਸਰ: ਕਸਟਮ ਵਿਭਾਗ ਨੇ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਇੱਕ ਵਿਅਕਤੀ ਨੂੰ 28 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਨਾਲ ਗ੍ਰਿਫ਼ਤਾਰ ਕੀਤਾ ਹੈ। ਕਸਟਮ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਉਕਤ ਰਾਸ਼ੀ ਸੰਗਰੂਰ ਦੇ ਰਹਿਣ ਵਾਲੇ ਵਿਅਕਤੀ ਤੋਂ ਬਰਾਮਦ ਕੀਤੀ ਗਈ ਹੈ।

ਮੁਲਜ਼ਮ ਨੇ ਅੰਮ੍ਰਿਤਸਰ ਤੋਂ ਦੁਬਈ ਜਾਣਾ ਸੀ। ਉਸ ਨੇ ਆਪਣੇ ਅਟੈਚੀ ਦੀ ਹੇਠਲੀ ਤਹਿ ਵਿੱਚ ਇਹ ਵਿਦੇਸ਼ੀ ਨੋਟ ਲੁਕਾਏ ਹੋਏ ਸਨ, ਜੋ ਸੁਰੱਖਿਆ ਜਾਂਚ ਦੌਰਾਨ ਫੜੇ ਗਏ। ਬਰਾਮਦ ਕੀਤੀ ਗਈ ਵਿਦੇਸ਼ੀ ਮੁਦਰਾ ਵਿੱਚ ਅਮਰੀਕੀ ਡਾਲਰ, ਯੂਰੋ, ਓਮਾਨੀ ਰਿਆਲ, ਦਿਰਾਮ ਅਤੇ ਯੂਕੇ ਪੌਂਡ ਆਦਿ ਮੁਦਰਾਵਾਂ ਦੇ ਕਈ ਨੋਟ ਹਨ।

ਇਨ੍ਹਾਂ ਵਿਦੇਸ਼ੀ ਨੋਟਾਂ ਦੀ ਭਾਰਤੀ ਮੁਦਰਾ ਵਿੱਚ ਕੀਮਤ 28,57,028 ਰੁਪਏ ਬਣਦੀ ਹੈ। ਪੁੱਛਗਿੱਛ ਦੌਰਾਨ ਉਕਤ ਵਿਅਕਤੀ ਇਸ ਰਕਮ ਬਾਰੇ ਸਹੀ ਜਵਾਬ ਨਹੀਂ ਦੇ ਸਕਿਆ। ਕਸਟਮ ਵਿਭਾਗ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।