Mohanjit Sheron ਦੀ ਕਥਿਤ ਕੁੱਟਮਾਰ ਦਾ ਮਾਮਲਾ, ਸੁਖਬੀਰ ਬਾਦਲ ਪਹੁੰਚੇ ਹਸਤਪਾਲ , ਵਿਰੋਧੀ ਧਿਰਾਂ ਨੇ ਪੁਲਿਸ ਕਾਰਵਾਈ ’ਤੇ ਚੁੱਕੇ ਸਵਾਲ
Mohanjit Sheron Case : ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਮਿਲਣੀ ਦੌਰਾਨ ਕਾਲੀ ਝੰਡੀ ਦਿਖਾਉਣ ਵਾਲੇ ਨੌਜਵਾਨ ਮੋਹਨਜੀਤ ਸਿੰਘ ਖ਼ਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕਰਨ

Mohanjit Sheron Case : ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਮਿਲਣੀ ਦੌਰਾਨ ਕਾਲੀ ਝੰਡੀ ਦਿਖਾਉਣ ਵਾਲੇ ਨੌਜਵਾਨ ਮੋਹਨਜੀਤ ਸਿੰਘ ਖ਼ਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਸਿਆਸੀ ਵਿਰੋਧੀ ਧਿਰਾਂ ਉਸ ਦੇ ਹੱਕ ਵਿੱਚ ਖੜ੍ਹੀਆਂ ਹੋ ਗਈਆਂ ਹਨ।
ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ, ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਤਨਾਮ ਸਿੰਘ ਰੱਤੋਕੇ, ਸਮਾਜਿਕ ਕਾਰਕੁੰਨ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਅਤੇ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਮੋਹਨਜੀਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।
ਆਗੂਆਂ ਨੇ ਆਰੋਪ ਲਗਾਇਆ ਕਿ ਮੋਹਨਜੀਤ ਨੇ ਮੁੱਖ ਮੰਤਰੀ ਦੀ ਫੇਰੀ ਦੌਰਾਨ ਘਰ ਦੀ ਛੱਤ ’ਤੇ ਚੜ੍ਹ ਕੇ ਇਲਾਕੇ ਵਿੱਚ ਕਥਿਤ ਨਸ਼ਾ ਕਾਰੋਬਾਰ ਦਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਚੀਮਾਂ ਵਿੱਚ ਮਾਮਲਾ ਦਰਜ ਕਰ ਦਿੱਤਾ।
ਵਿਰੋਧੀ ਆਗੂਆਂ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਮੁਤਾਬਕ ਮੋਹਨਜੀਤ ਦੇ ਪਰਿਵਾਰ ਨੇ ਪੁਲਿਸ ਹਿਰਾਸਤ ਦੌਰਾਨ ਉਸ ਨਾਲ ਕੁੱਟਮਾਰ ਹੋਣ ਦੇ ਆਰੋਪ ਵੀ ਲਗਾਏ ਹਨ।
ਮੋਹਨਜੀਤ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਖੇਤੀਬਾੜੀ ਦਾ ਕੰਮ ਕਰਦਾ ਹੈ। ਆਗੂਆਂ ਨੇ ਪੁਲਿਸ ਵੱਲੋਂ ਡੋਪ ਟੈਸਟ ਕਰਵਾਉਣ ਦੀ ਕਾਰਵਾਈ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਇਸ ਰਾਹੀਂ ਨੌਜਵਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸਵਾਲ ਪੁੱਛਣ ਦਾ ਹੱਕ ਦੇਣ ਦੀ ਗੱਲ ਕੀਤੀ ਜਾਂਦੀ ਰਹੀ ਹੈ ਪਰ ਹੁਣ ਸਰਕਾਰ ਸਵਾਲਾਂ ਦਾ ਸਾਹਮਣਾ ਕਰਨ ਤੋਂ ਪਿੱਛੇ ਹਟ ਰਹੀ ਹੈ।
ਮੋਹਨਜੀਤ ਸਿੰਘ ਨਾਲ ਮੁਲਾਕਾਤ ਲਈ ਪਹੁੰਚੇ ਸੁਖਬੀਰ ਬਾਦਲ
ਸੁਖਬੀਰ ਸਿੰਘ ਬਾਦਲ ਨੇ ਸਿਵਲ ਹਸਪਤਾਲ ਸੰਗਰੂਰ ਵਿਖੇ ਜ਼ੇਰੇ ਇਲਾਜ ਮੋਹਨਜੀਤ ਸਿੰਘ ਦਾ ਹਾਲ ਚਾਲ ਪੁੱਛਿਆ ਹੈ। ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਪੰਜਾਬ ਦੇ ਪਿੰਡ ਸ਼ੇਰੋਂ ਦੇ ਦੌਰੇ ਦੌਰਾਨ ਹਿਰਾਸਤ ਵਿਚ ਲਏ ਗਏ ਮੋਹਨਜੀਤ ਸਿੰਘ ਤੇ ਪੁਲਿਸ ਵਲੋਂ ਤਸ਼ੱਦਦ ਦੇ ਦੋਸ਼ ਲਗਾਉਂਦਿਆ ਕਿਹਾ ਕਿ ਪੰਜਾਬ ਵਿੱਚ ਹੁਣ ਪੁਲਿਸ ਦਾ ਗੁੰਡਾ ਰਾਜ ਚੱਲ ਰਿਹਾ ਹੈ। ਤਿੰਨ ਮਹੀਨਿਆਂ ਤੋਂ ਬਾਅਦ ਪਿੰਡ ਸ਼ੇਰੋਂ ਦੇ ਨੌਜਵਾਨ 'ਤੇ ਤਸ਼ੱਦਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਤਾਂ ਹੱਥ ਧੋਣੇ ਹੀ ਪੈਣਗੇ ਬਲਕਿ ਇਨ੍ਹਾਂ ਨੂੰ ਜ਼ੇਲ੍ਹ ਵੀ ਜਾਣਾ ਪਵੇਗਾ।
ਸੁਨੀਲ ਜਾਖੜ ਵੱਲੋਂ ਪੁਲਿਸ ਤਸ਼ੱਦਦ ਦੀ ਸਖ਼ਤ ਨਿੰਦਾ
ਪੰਜਾਬ ਬੀਜੇਪੀ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਵੀ ਸ਼ੇਰੋਂ ਘਟਨਾ ਵਿੱਚ ਨੌਜਵਾਨ ਨਾਲ ਕਥਿਤ ਪੁਲਿਸ ਤਸ਼ੱਦਦ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ,ਮੁੱਖ ਮੰਤਰੀ ਭਗਵੰਤ ਮਾਨ ਹੁਣ ਲੋਕਤੰਤਰ ਅਤੇ ਮਨੁੱਖਤਾ ਦਾ ਘਾਣ ਕਰਨ ਤੇ ਉੱਤਰ ਆਏ ਹਨ। ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਵੱਲੋਂ ਆਪਣੇ ਮੁਢਲੇ ਅਧਿਕਾਰ ਤਹਿਤ ਇਲਾਕੇ ਵਿਚ ਵਿਕਦੇ ਨਸ਼ੇ ਵਰਗੇ ਲੋਕ ਹਿੱਤ ਦੇ ਮੁੱਦੇ ਤੇ ਕੀਤੇ ਵਿਰੋਧ ਨੂੰ ਨਾ ਸਹਾਰਦਿਆਂ ਉਸ ਤੇ ਜਕਰੀਆ ਖਾਨ ਦੀ ਹਕੂਮਤ ਵਰਗੇ ਪੁਲਸੀਆ ਜਬਰ ਕਰਵਾਉਣ ਅਤੇ ਉੱਚ ਅਹੁਦਿਆਂ ਤੇ ਬੈਠੇ ਅਫ਼ਸਰਾਂ ਵੱਲੋਂ ਇਸ ਤਸਦੱਦ ਨੂੰ ਲਾਈਵ ਵੇਖਣਾ ਇਹ ਪ੍ਰਮਾਣ ਕਰਦਾ ਹੈ ਕਿ ਮੁੱਖ ਮੰਤਰੀ ਕਿਸ ਹੱਦ ਤੱਕ ਸੱਤਾ ਦੇ ਹੰਕਾਰ ਵਿੱਚ ਚੂਰ ਹੋ ਕੇ ਲੋਕਾਂ ਦੇ ਮੌਲਿਕ ਅਧਿਕਾਰਾਂ ਦਾ ਹਨਨ ਕਰਨ ਲੱਗੇ ਹਨ। ਇੱਕ ਗੁਰਸਿੱਖ ਨੌਜਵਾਨ ਨੂੰ ਕਰੰਟ ਲਗਾਉਣਾ ਅਤੇ ਬੁਰੀ ਤਰ੍ਹਾਂ ਮਾਰ ਕੁੱਟ ਕਰਨਾ ਅਤੇ ਗੁਰਸਿੱਖ ਦੇ ਕਕਾਰਾਂ ਦੀ ਬੇਅਦਬੀ ਕਰਨਾ, ਇਸ ਘਟਨਾ ਨੇ ਮੁਗਲ ਸਾਮਰਾਜ ਦਾ ਦੌਰ ਯਾਦ ਕਰਵਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਜੀ ਯਾਦ ਰੱਖਿਓ ਸੱਤਾ ਹਮੇਸ਼ਾ ਨਹੀਂ ਰਹਿੰਦੀ, ਪਰ ਜੋ ਕਾਲਖ ਤੁਸੀਂ ਖੱਟ ਰਹੇ ਹੋ ਇਹ ਤਾਅ - ਉਮਰ ਤੁਹਾਡੇ ਨਾਂ ਨਾਲ ਜੁੜੀ ਰਹੇਗੀ।
BKU ਆਗੂ ਨੇ ਵੀ ਦਿੱਤਾ ਸਮਰਥਨ
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਵੀਡੀਓ ਜਾਰੀ ਕਰਕੇ ਮੋਹਨਜੀਤ ਸਿੰਘ ਦੇ ਹੱਕ ਵਿੱਚ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਵਿਰੋਧ ਕਰਨਾ ਜਨਤਾ ਦਾ ਮੌਲਿਕ ਅਧਿਕਾਰ ਹੈ। ਲੌਂਗੋਵਾਲ ਨੇ ਚਿਤਾਵਨੀ ਦਿੱਤੀ ਕਿ ਮੋਹਨਜੀਤ ਸਿੰਘ ਦੀ ਬਿਨਾਂ ਸ਼ਰਤ ਰਿਹਾਈ ਲਈ ਪੁਲਿਸ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ।
ਮੋਹਨਜੀਤ ਸਿੰਘ ਨਾਲ ਕਥਿਤ ਕੁੱਟਮਾਰ ਮਾਮਲਾ ਭਖਿਆ, ਅਮਨ ਅਰੋੜਾ ਨੇ ਦਿੱਤੀ ਪ੍ਰਤੀਕਿਰਿਆ
ਮੋਹਨਜੀਤ ਸਿੰਘ ਨਾਲ ਕਥਿਤ ਕੁੱਟਮਾਰ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਮਾਮਲੇ ’ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਅਮਨ ਅਰੋੜਾ ਨੇ ਕਿਹਾ ਕਿ ਉਹ ਪੂਰੇ ਘਟਨਾਕ੍ਰਮ ਦੀ ਨਿੰਦਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਦੀ ਪੁਲਿਸ ਅਧਿਕਾਰੀਆਂ ਨਾਲ ਗੱਲ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਕਿਹਾ ਕਿ ਮੋਹਨਜੀਤ ਸਿੰਘ ਨਾਲ ਕੁੱਟਮਾਰ ਨਹੀਂ ਕੀਤੀ ਗਈ।
ਮੰਤਰੀ ਨੇ ਕਿਹਾ ਕਿ ਮੈਡੀਕਲ ਜਾਂਚ ਤੋਂ ਹੀ ਕਥਿਤ ਪ੍ਰਤਾਡ਼ਨਾ ਦੇ ਦੋਸ਼ਾਂ ਦੀ ਸੱਚਾਈ ਸਾਹਮਣੇ ਆਵੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਐੱਸਐੱਸਪੀ ਨਾਲ ਵੀ ਗੱਲ ਕੀਤੀ ਹੈ ਅਤੇ ਉਨ੍ਹਾਂ ਮੁਤਾਬਕ ਮੋਹਨਜੀਤ ਦੇ ਸਰੀਰ ’ਤੇ ਲੱਗੀਆਂ ਸੱਟਾਂ ਬਹੁਤ ਤਾਜ਼ਾ ਹਨ, ਜੋ ਦੋ ਦਿਨ ਪੁਰਾਣੀਆਂ ਨਹੀਂ ਲੱਗਦੀਆਂ। ਅਮਨ ਅਰੋੜਾ ਨੇ ਕਿਹਾ ਕਿ ਐੱਮਐੱਲਆਰ (ਮੈਡੀਕੋ-ਲੀਗਲ ਰਿਪੋਰਟ) ਰਾਹੀਂ ਇਹ ਸਪੱਸ਼ਟ ਹੋਵੇਗਾ ਕਿ ਸੱਟਾਂ ਆਪਣੇ ਆਪ ਲੱਗੀਆਂ ਹਨ ਜਾਂ ਕਿਸੇ ਤਰ੍ਹਾਂ ਦੀ ਕਥਿਤ ਪ੍ਰਤਾਡ਼ਨਾ ਕਾਰਨ ਹੋਈਆਂ ਹਨ।
ਟ੍ਰੈਂਡਿੰਗ ਟੌਪਿਕ
















