ਨਵੀਂ ਦਿੱਲੀ :ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਨੇ ਆਪਣੀ ਹੀ ਪਾਰਟੀ ਦੇ ਵਿਧਾਇਕ ਦੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ। ਸੰਜੇ ਸਿੰਘ ਨੇ ਕਿਹਾ ਹੈ ਕਿ ਬੀਜੇਪੀ ਤੇ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਝੂਠੇ ਇਲਜ਼ਾਮਾਂ 'ਤੇ ਆਮ ਆਦਮੀ ਪਾਰਟੀ ਨੂੰ ਘੇਰਣਾ ਸਹੀ ਨਹੀਂ। ਇਨ੍ਹਾਂ ਇਲਜ਼ਾਮਾਂ ਦੀ ਜਾਂਚ ਵਿੱਚ ਇਹ ਸੱਚ ਸਾਬਤ ਹੋ ਜਾਂਦੇ ਹਨ ਤਾਂ ਮੈਂ ਸਿਆਸਤ ਛੱਡ ਦਿਆਂਗਾ।
ਦਰਅਸਲ ਦਿੱਲੀ ਵਿੱਚ ਸਾਬਕਾ ਮੰਤਰੀ ਸੰਦੀਪ ਕੁਮਾਰ ਦੇ ਸੈਕਸ ਸਕੈਂਡਲ ਤੋਂ ਬਾਅਦ ਪੰਜਾਬ ਵਿੱਚ ਵੀ ਅਜਿਹੇ ਇਲਜ਼ਾਮ ਲੱਗੇ ਹਨ। ਪਾਰਟੀ ਦੇ ਐਮ.ਐਲ.ਏ. ਦੇਵੇਂਦਰ ਸਹਰਾਵਤ ਨੇ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਪਾਰਟੀ ਦੇ ਕੁਝ ਲੀਡਰਾਂ 'ਤੇ ਗੰਭੀਰ ਇਲਜ਼ਾਮ ਲਾਏ ਹਨ। ਸਹਰਾਵਤ ਨੇ ਕਿਹਾ ਹੈ, "ਮੈਂ ਪੰਜਾਬ ਵਿੱਚ ਟਿਕਟ ਦੇਣ ਜਾਂ ਉਸ ਦੇ ਵਾਅਦੇ ਦੇ ਬਹਾਨੇ ਮਹਿਲਾਵਾਂ ਨੂੰ ਪ੍ਰੇਸ਼ਾਨ ਕਰਨ ਦੀਆਂ ਖ਼ਬਰਾਂ ਸੁਣੀਆਂ ਹਨ। ਮੈਂ ਜ਼ਮੀਨੀ ਹਕੀਕਤ ਦਾ ਪਤਾ ਲਾਉਣ ਦੇ ਲਈ ਚੰਡੀਗੜ੍ਹ ‘ਚ ਲੋਕਾਂ ਨੂੰ ਮਿਲ ਰਿਹਾ ਹਾਂ।"
ਨਿਊਜ਼ ਏਜੰਸੀ ਮੁਤਾਬਕ, ਐਮ.ਐਲ.ਏ. ਸਹਰਾਵਤ ਨੇ ਇਹ ਪੱਤਰ ਐਤਵਾਰ ਕੇਜਰੀਵਾਲ ਨੂੰ ਭੇਜਿਆ ਹੈ। ਉਨ੍ਹਾਂ ਲਿਖਿਆ ਹੈ ਕਿ ਇੱਕ ਚੌਕੜੀ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਸ ਨਾਲ ਪਾਰਟੀ ਦਾ ਅਕਸ ਖਰਾਬ ਹੋ ਰਿਹਾ ਹੈ। ਇਨ੍ਹਾਂ ਖਿਲਾਫ ਸਖਤ ਐਕਸ਼ਨ ਲੈਣ ਦੀ ਜ਼ਰੂਰਤ ਹੈ। ਪੰਜਾਬ ਵਿੱਚ ਚੋਣਾਂ ਦੀ ਟਿਕਟ ਦੇਣ ਜਾਂ ਉਸ ਦਾ ਵਾਅਦਾ ਕਰਕੇ ਮਹਿਲਾਵਾਂ ਨੂੰ ਪ੍ਰੇਸ਼ਾਨ ਕਰਨ ਦੀ ਖਬਰ ਹੈ। ਦਲੀਪ ਪਾਂਡੇ ਦਿੱਲੀ ਵਿੱਚ ਅਜਿਹਾ ਕਰ ਰਹੇ ਹਨ। ਪਾਂਡੇ ਦਿੱਲੀ ਯੂਨਿਟ ਦੇ ਇੰਚਾਰਜ਼ ਹਨ। ਦੱਸਣਯੋਗ ਹੈ ਕਿ ਸਹਰਾਵਤ ਦਿੱਲੀ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਕਿਹਦੇ ਵੱਲ ਇਸ਼ਾਰਾ ਕਰ ਰਹੇ ਹਨ ਤਾਂ ਉਨ੍ਹਾਂ ਆਸ਼ੂਤੋਸ਼, ਪਾਰਟੀ ਦੀ ਪੰਜਾਬ ਯੂਨਿਟ ਦੇ ਇੰਚਾਰਜ਼ ਸੰਜੇ ਸਿੰਘ ਤੇ ਦਿਲੀਜ ਪਾਂਡੇ ਦਾ ਨਾਮ ਲਿਆ। ਦੱਸਣਯੋਗ ਹੈ ਕਿ ਸਹਰਾਵਤ ਨੇ ਇਸ ਤੋਂ ਪਹਿਲਾ ‘ਆਪ’ ਦੇ ਪ੍ਰਸ਼ਾਂਤ ਭੁਸ਼ਨ ਤੇ ਯੋਗੇਂਦਰ ਯਾਦਵ ਨੂੰ ਕੱਢੇ ਦੇ ਤਰੀਕੇ ਦੇ ਖਿਲਾਫ ਵੀ ਆਵਾਜ਼ ਚੁੱਕੀ ਸੀ।