ਚੰਡੀਗੜ੍ਹ: ਨਵੇਂ ਮੋਟਰ ਵਹੀਕਲ ਕਾਨੂੰਨ ਲਾਗੂ ਹੋਣ ਤੋਂ ਬਾਅਦ ਹਰ ਚਾਲਕ ਹੁਣ ਇਹੀ ਸੋਚਦਾ ਹੈ ਕਿ ਕਿਤੇ ਉਸ ਦਾ ਚਲਾਨ ਨਾ ਹੋ ਜਾਵੇ। ਪਰ ਜੇਕਰ ਤੁਹਾਡਾ ਚਲਾਨ ਹੋ ਵੀ ਜਾਵੇ ਤੇ ਕੋਰਟ ‘ਚ ਚਲਾਨ ਭਰਣ ਜਾਣ ‘ਤੇ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਤਾਂ ਪਹਿਲਾਂ ਹੀ 189 ਦੇ ਕਰੀਬ ਚਲਾਨ ਪੈਂਡਿੰਗ ਪਏ ਹਨ। ਚੰਡੀਗੜ੍ਹ ਦੇ ਇੱਕ ਸਖ਼ਸ਼ ਨਾਲ ਕੁਝ ਅਜਿਹਾ ਹੀ ਹੋਇਆ ਹੈ।

Continues below advertisement

ਚੰਡੀਗੜ੍ਹ ਦੇ ਸੈਕਟਰ 39 ‘ਚ ਰਹਿਣ ਵਾਲੇ ਸੰਜੀਵ ਆਪਣਾ ਚਲਾਨ ਭੁਗਤਣ ਜ਼ਿਲ੍ਹਾ ਅਦਾਲਤ ਪਹੁੰਚੇ। ਬੀਤੀ 26 ਜੁਲਾਈ ਨੂੰ ਉਨ੍ਹਾਂ ਨੇ ਬੈਨ ਰੋਡ ‘ਤੇ ਯੂ-ਟਰਨ ਲੈ ਲਿਆ ਸੀ ਜਿਸ ਦਾ ਚਲਾਨ ਹੋ ਗਿਆ। ਇਹ ਚਲਾਨ ਉਂਝ ਤਾਂ 300 ਰੁਪਏ ਦਾ ਸੀ। ਪਰ ਇਸ ਨੂੰ ਭਰਣ ਜਦੋਂ ਉਹ ਜ਼ਿਲ੍ਹਾ ਅਦਾਲਤ ਗਏ ਤਾਂ ਕਰਮਚਾਰੀਆਂ ਨੇ ਉਨ੍ਹਾਂ ਦਾ ਰਿਕਾਰਡ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਉਨ੍ਹਾਂ ‘ਤੇ ਪਹਿਲਾਂ ਹੀ 189 ਚਲਾਨ ਪੈਂਡਿੰਗ ਹਨ। ਜਿਸ ਨੂੰ ਵੇਖ ਉਹ ਹੈਰਾਨ ਹੋ ਗਏ।

ਰਿਕਾਰਡ ਵੇਖਣ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੇ ਸਾਰੇ ਚਲਾਨ 2017 ਤੋਂ ਸਾਲ 2019 ਤਕ ਦੇ ਹਨ। ਉਹ ਵੀ ਵੱਖ-ਵੱਖ ਗਲਤੀਆਂ ਦੇ ਸੀ। ਉਸ ਦੇ ਸਾਰੇ ਓਫੈਂਸ ਸੀਸੀਟੀਵੀ ‘ਚ ਕੈਦ ਹੋ ਗਏ। ਜਿਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀ ਸੀ। ਸੰਜੀਵ ਇੱਕ ਇੰਸ਼ੋਰੈਂਸ ਕੰਪਨੀ ‘ਚ ਕੰਮ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅਜਿਹਾ ਸੀ ਤਾਂ ਉਨ੍ਹਾਂ ਨੂੰ ਇਨ੍ਹਾਂ ਚਲਾਨ ਬਾਰੇ ਕੋਈ ਜਾਣਕਾਰੀ ਕਿਉਂ ਨਹੀ ਦਿੱਤੀ ਗਈ?

Continues below advertisement

ਇਸ ਬਾਰੇ ਐਸਐਸਪੀ ਟ੍ਰੈਫਿਕ ਪੁਲਿਸ ਸ਼ਸ਼ਾਂਕ ਆਨੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਨਲਾਈਨ ਚਲਾਨ ਕੱਟਣ ਦੀ ਵਿਵਸਥਾ 2018 ‘ਚ ਲਾਗੂ ਹੋਈ। ਪਰ ਸੰਜੀਵ ਦੇ ਚਲਾਨ 2017 ਤੋਂ ਪੈਂਡਿੰਗ ਹਨ। ਇਹ ਤਕਨੀਕੀ ਖ਼ਰਾਬੀ ਕਰਕੇ ਹੋ ਰਿਹਾ ਹੈ, ਜਿਸ ਨੂੰ ਜਲਦੀ ਹੀ ਠੀਕ ਕਰ ਲਿਆ ਜਾਵੇਗਾ। ਟੀਵੀਆਈਐਸ ਰਾਹੀਂ ਚਲਾਨ ਕੱਟਣ ‘ਤੇ ਉਸ ਦਾ ਮੈਸੇਜ ਰਜਿਸਟਰਡ ਮੋਬਾਇਲ ਨੰਬਰ ‘ਤੇ ਭੇਜਿਆ ਜਾਂਦਾ ਹੈ। ਜੇ ਉਸ ਵਿਅਕਤੀ ਨੂੰ ਪਤਾ ਨਹੀਂ ਚੱਲਦਾ ਤਾਂ ਉਸ ਨੂੰ ਨੋਟਿਸ ਭੇਜ ਦਿੱਤਾ ਜਾਂਦਾ ਹੈ।