ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਇਸ ਮਾਮਲੇ ਵਿੱਚ ਹੁਣ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਆਪਣੇ ਫਰਾਰ ਹੋਣ ਨੂੰ ਲੈ ਕੇ ਸਫਾਈ ਦਿੱਤੀ ਹੈ। ਪਠਾਨਮਾਜਰਾ ਨੇ ਮੰਤਰੀਆਂ ਅਤੇ ਹੋਰ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਖੁੱਲ੍ਹ ਕੇ ਸਾਹਮਣੇ ਆਉਣ।

ਐਨਕਾਊਂਟਰ ਕਰਨ ਦੀ ਸੀ ਯੋਜਨਾ-ਪਠਾਨਮਾਜਰਾ 

ਪਠਾਨਮਾਜਰਾ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਸੂਤਰਾਂ ਰਾਹੀਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਪੁਲਿਸ ਉਹਨਾਂ ਦਾ ਐਨਕਾਊਂਟਰ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਕਾਰਨ ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਉੱਥੋਂ ਹਟ ਜਾਣਾ ਹੀ ਠੀਕ ਸਮਝਿਆ।

ਪੁਲਿਸਕਰਮੀ 'ਤੇ ਗੋਲੀ ਚੱਲੀ ਜਾਂ ਨਹੀਂ?

ਵਿਧਾਇਕ ਪਠਾਨਮਾਜਰਾ ਨੇ ਕਿਹਾ ਕਿ ਪੁਲਿਸ ਅਧਿਕਾਰੀ ਆਪਣੇ ਬੱਚਿਆਂ ਦੀ ਕਸਮ ਖਾ ਕੇ ਕਹਿ ਦੇਣ ਕਿ ਮੈਂ ਉਨ੍ਹਾਂ ਉੱਤੇ ਪਿਸਤੌਲ ਤਾਣੀ ਜਾਂ ਗੋਲੀ ਚਲਾਈ। ਉਹਨਾਂ ਦਾ ਦਾਅਵਾ ਹੈ ਕਿ ਪੁਲਿਸ ਮੁਲਾਜ਼ਮਾਂ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਹੁਣ ਪੁਲਿਸ ਝੂਠੇ ਬਿਆਨ ਦੇ ਰਹੀ ਹੈ। ਪਠਾਨਮਾਜਰਾ ਨੇ ਦੱਸਿਆ ਕਿ ਹੁਣ ਪੁਲਿਸ ਸਿੱਧਾ ਉਨ੍ਹਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਵਿਧਾਇਕ ਨੇ ਕਿਹਾ ਕਿ ਉਹਨਾਂ ਨੂੰ ਫੜਨ ਲਈ ਪੁਲਿਸ ਨੇ ਭਾਰੀ ਫ਼ੌਜ ਤਾਇਨਾਤ ਕੀਤੀ ਸੀ। ਉਹਨਾਂ ਦੇ ਅਨੁਸਾਰ ਮੌਕੇ ’ਤੇ ਲਗਭਗ 8 ਤੋਂ 10 ਐਸਪੀ, 8 ਤੋਂ 10 ਡੀਐਸਪੀ ਅਤੇ 400 ਤੋਂ 500 ਪੁਲਿਸਕਰਮੀ ਪਹੁੰਚੇ ਹੋਏ ਸਨ। ਇਸਨੂੰ ਉਹਨਾਂ ਨੇ ਆਪਣੀ ਜਾਨ ’ਤੇ ਖ਼ਤਰਾ ਦੱਸਦਿਆਂ ਸਾਫ ਕਿਹਾ ਕਿ ਜੇ ਉਹ ਉੱਥੇ ਰੁਕਦੇ ਤਾਂ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਸਨ। ਪਠਾਨਮਾਜਰਾ ਨੇ ਸਾਫ ਕਿਹਾ ਕਿ ਉਹ ਦਿੱਲੀ ਵਾਲਿਆਂ ਤੋਂ ਦਬਣ ਵਾਲੇ ਨਹੀਂ ਹਨ।

3 ਸਾਲ ਪਹਿਲਾਂ ਹੋਈ ਸੀ ਸ਼ਿਕਾਇਤ

ਪੁਲਿਸ ਨੇ ਜਿਸ ਮਾਮਲੇ ‘ਚ ਉਹਨਾਂ ਨੂੰ ਹਿਰਾਸਤ ਵਿੱਚ ਲਿਆ, ਉਸਦੀ ਸ਼ਿਕਾਇਤ ਲਗਭਗ 3 ਸਾਲ ਪਹਿਲਾਂ ਹੋਈ ਸੀ। ਇਸ ਤੋਂ ਬਾਅਦ 1 ਸਤੰਬਰ 2025 ਨੂੰ ਐਫ਼ਆਈਆਰ ਦਰਜ ਹੋਈ ਅਤੇ 2 ਸਤੰਬਰ ਨੂੰ ਹੀ ਪੁਲਿਸ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਪਹੁੰਚ ਗਈ।

ਪੁਲਿਸ ਦੀ ਇਹ ਤੁਰੰਤ ਕਾਰਵਾਈ ਸਵਾਲਾਂ ਦੇ ਘੇਰੇ ਵਿੱਚ ਹੈ, ਕਿਉਂਕਿ ਐਫ਼ਆਈਆਰ ਦਰਜ ਹੋਣ ਤੋਂ 48 ਘੰਟੇ ਪਹਿਲਾਂ ਹੀ ਪਠਾਨ ਮਾਜਰਾ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਲੀਡਰਸ਼ਿਪ ’ਤੇ ਖੁੱਲ੍ਹਾ ਨਿਸ਼ਾਨਾ ਸਾਧਿਆ ਸੀ।