Punjab News: ਰਾੜਾ ਸਾਹਿਬ ਦੇ ਸੰਪਰਦਾਇਕ ਮੁਖੀ ਸੰਤ ਬਲਜਿੰਦਰ ਸਿੰਘ ਜੀ ਅੱਜ ਤੜਕੇ ਸਵਰਗਵਾਸ ਕਰ ਗਏ। ਜਾਣਕਾਰੀ ਅਨੁਸਾਰ, ਉਹਨਾਂ ਨੂੰ ਦਿਲ ਦਾ ਭਿਆਨਕ ਦੌਰਾ ਪਿਆ ਜੋ ਜਾਨਲੇਵਾ ਸਾਬਤ ਹੋਇਆ। ਰਾਤ 12 ਵਜੇ ਉਹ ਮਰਹੂਮ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਦੀ ਸਲਾਨਾ ਬਰਸੀ ਸਬੰਧੀ ਹੋ ਰਹੇ ਸਮਾਗਮ ਵਿੱਚ ਕੀਰਤਨ ਕਰਕੇ ਆਪਣੇ ਕਮਰੇ ਵਿੱਚ ਆਰਾਮ ਕਰਨ ਗਏ ਸਨ ਪਰ ਸਵੇਰੇ ਉੱਠੇ ਨਹੀਂ, ਜਿਸ ਤੋਂ ਬਾਅਦ ਇਹ ਦੁਖਦਾਈ ਖ਼ਬਰ ਸਾਹਮਣੇ ਆਈ।

Continues below advertisement



ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸਿੱਖ ਧਰਮ ਤੇ ਗੁਰਬਾਣੀ ਦੇ ਉੱਘੇ ਪ੍ਰਚਾਰਕ ਅਤੇ ਰਾੜਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁੱਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਮਿਲੀ। ਬਾਬਾ ਬਲਜਿੰਦਰ ਸਿੰਘ ਜੀ ਨੇ ਸਿੱਖ ਪੰਥ ਦੀ ਮਹਾਨ ਸੇਵਾ ਕੀਤੀ ਅਤੇ ਸੰਗਤਾਂ ਨੂੰ ਗੁਰਬਾਣੀ ਦੇ ਲੜ ਲਾਇਆ। ਪਰਮਾਤਮਾ ਅੱਗੇ ਅਰਦਾਸ ਵਿੱਛੜੀ ਪਵਿੱਤਰ ਰੂਹ ਨੂੰ ਚਰਨਾਂ ‘ਚ ਥਾਂ ਦੇਣ ਤੇ ਪਰਿਵਾਰ ਸਮੇਤ ਸਨੇਹੀਆਂ ਨੂੰ ਭਾਣਾ ਮੰਨਣ ਦਾ ਹੌਸਲਾ ਹਿੰਮਤ ਬਖ਼ਸ਼ਣ।






ਸੰਤ ਬਲਜਿੰਦਰ ਸਿੰਘ ਦੇ ਅਕਾਲ ਚਲਾਣੇ ਨਾਲ ਸੰਪਰਦਾਇ ਅਤੇ ਸੰਗਤ ਵਿਚ ਸੋਗ ਦੀ ਲਹਿਰ ਦੌੜ ਗਈ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੀਆਂ ਹਨ। ਇਸ ਮੌਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਪਹੁੰਚੇ ਤੇ ਸ਼ੋਕ ਪ੍ਰਗਟਾਇਆ। ਉਹਨਾਂ ਕਿਹਾ ਕਿ ਰਾੜਾ ਸਾਹਿਬ ਵਿਖੇ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਬਰਸੀ ਸਮਾਗਮ ਚੱਲ ਰਹੇ ਸਨ ਅਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਸਮਾਗਮ ਵਿੱਚ ਸ਼ਾਮਲ ਹੋਣ ਆਉਣਾ ਸੀ। ਰਾਤ ਹੀ ਉਹਨਾਂ ਦੀ ਬਾਬਾ ਬਲਜਿੰਦਰ ਸਿੰਘ ਜੀ ਨਾਲ ਗੱਲਬਾਤ ਹੋਈ ਸੀ, ਪਰ ਸਵੇਰ ਨੂੰ ਇਹ ਮੰਦਭਾਗੀ ਖ਼ਬਰ ਮਿਲੀ ਜਿਸਦਾ ਯਕੀਨ ਨਹੀਂ ਹੁੰਦਾ।



ਉਹਨਾਂ ਹੋਰ ਕਿਹਾ ਕਿ ਸੰਤ ਬਲਜਿੰਦਰ ਸਿੰਘ ਇੱਕ ਮਹਾਨ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਅਹਿਮ ਯੋਗਦਾਨ ਪਾਇਆ। ਇਹ ਘਾਟਾ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ।