ਚੰਡੀਗੜ੍ਹ: 'ਸਰਬੱਤ ਖਾਲਸਾ' ਲਈ ਨਵੀਂ ਐਲਾਨੀ ਤਾਰੀਖ 8 ਦਸੰਬਰ ਨੂੰ ਸਮਾਗਮ 'ਚ ਸਰਕਾਰ ਜਾਂ ਪ੍ਰਸ਼ਾਸਨ ਨੇ ਕੋਈ ਅੜਿੱਕਾ ਡਾਹਿਆ ਤਾਂ ਪੂਰੇ ਪੰਜਾਬ ਨੂੰ ਜਾਮ ਕਰ ਦਿੱਤਾ ਜਾਵੇਗਾ। ਇਹ ਐਲਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ ਹੈ।


ਚੰਡੀਗੜ੍ਹ 'ਚ ਪੰਥਕ ਧਿਰਾਂ ਨਾਲ ਬੈਠਕ ਦੌਰਾਨ ਸਰਬੱਤ ਖਾਲਸਾ ਆਗੂਆਂ ਨੇ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ,''8 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਵਿੱਚ ਹੋ ਰਹੀ ਰੈਲੀ ਤਾਂ ਮੁਲਤਵੀ ਹੋ ਸਕਦੀ ਹੈ ਪਰ ਇਸੇ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਰਬੱਤ ਖ਼ਾਲਸਾ ਹੋ ਕੇ ਹੀ ਰਹੇਗਾ। ਇਸ ਮੌਕੇ ਭਾਈ ਮੰਡ ਤੇ ਭਾਈ ਦਾਦੂਵਾਲ ਨੇ ਯੂਨਾਈਟਿਡ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਖੰਡ ਅਕਾਲੀ ਦਲ ਤੇ ਹੋਰ ਸਿਆਸੀ ਧਿਰਾਂ ਦੀ ਮੀਟਿੰਗ ਕਰਕੇ 8 ਦਸੰਬਰ ਨੂੰ ਕੀਤੇ ਜਾ ਰਹੇ 'ਸਰਬੱਤ ਖ਼ਾਲਸਾ' ਸਬੰਧੀ ਰੂਪ ਰੇਖਾ ਨੂੰ ਅੰਤਿਮ ਰੂਪ ਦਿੱਤਾ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਸਰਬੱਤ ਖ਼ਾਲਸਾ ਨੂੰ ਗਲਤ ਰੰਗਤ ਦੇ ਕੇ ਜਬਰ-ਜ਼ੁਲਮ ਦੇ ਰਾਹ ਪਈ ਹੈ। ਉਨ੍ਹਾਂ ਪਹਿਲਾਂ 10 ਨਵੰਬਰ ਨੂੰ ਸੱਦੇ ਸਰਬੱਤ ਖ਼ਾਲਸਾ ਨੂੰ ਸਰਕਾਰ ਵੱਲੋਂ ਪ੍ਰਵਾਨਗੀ ਨਾ ਦੇਣ ਕਾਰਨ ਸੂਬੇ ਦੀ ਸ਼ਾਂਤੀ ਲਈ ਮੁਲਤਵੀ ਕਰ ਦਿੱਤਾ ਸੀ ਪਰ ਇਸ ਵਾਰ ਸਰਬੱਤ ਖ਼ਾਲਸਾ ਹਰ ਹਾਲਤ ਵਿੱਚ ਹੋ ਕੇ ਰਹੇਗਾ।

ਉਨ੍ਹਾਂ ਕਿਹਾ ਕਿ ਸਿੱਖ ਸੰਗਤ ਵਿੱਚ ਸਰਬੱਤ ਖ਼ਾਲਸਾ ਲਈ ਭਾਰੀ ਜੋਸ਼ ਤੇ ਸਰਕਾਰ ਪ੍ਰਤੀ ਰੋਹ ਹੈ, ਇਸ ਲਈ ਜੇਕਰ ਬਾਦਲ ਸਰਕਾਰ ਨੇ ਮੁੜ ਇਕੱਠ ਨੂੰ ਰੋਕਣ ਦਾ ਯਤਨ ਕੀਤਾ ਤਾਂ ਸਿੱਖ ਸੰਗਤ ਸਾਰੇ ਪੰਜਾਬ ਨੂੰ ਜਾਮ ਕਰ ਦੇਵੇਗੀ ਤੇ ਹਾਲਾਤ ਖ਼ਰਾਬ ਹੋਣ ਲਈ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ। ਚੇਤੇ ਰਹੇ ਕਿ ਸਰਬੱਤ ਖਾਲਸਾ ਦੇ ਅਹੁਦੇਦਾਰਾਂ ਨੇ 10 ਨਵੰਬਰ ਨੂੰ ਸਰਬੱਤ ਖਾਲਸਾ ਕਰਵਾਏ ਜਾਣ ਦੀ ਅਸਫਲਤਾ ਤੋਂ ਬਾਅਦ ਸਰਬੱਤ ਖਾਲਸਾ ਦੇ ਅਹੁਦੇਦਾਰਾਂ ਨੇ ਬੀਤੇ ਦਿਨ 8 ਦਸੰਬਰ ਨੂੰ ਸਰਬੱਤ ਖਾਲਸਾ ਕਰਵਾਏ ਜਾਣ ਦਾ ਐਲਾਨ ਕੀਤਾ ਹੈ। ਇਸੇ ਦਿਨ ਅਕਾਲੀ ਦਲ ਦੀ ਮੋਗਾ ਰੈਲੀ ਵੀ ਹੈ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਵੀ।