Kotakpura News : ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਇਹ ਸੋਚ ਕੇ ਚਲਾਇਆ ਸੀ ਕਿ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਜਲੀਲ ਨਾ ਹੋਣਾ ਪਵੇ ਅਤੇ ਲੋਕਾਂ ਦੇ ਦਰਾਂ ’ਤੇ ਪੁੱਜੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਲੋਕ ਆਪਣੀਆਂ ਤਕਲੀਫਾਂ ਦੱਸ ਸਕਣ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਹੋਣ ਪਰ ਲੋਕ ਅਜੇ ਐਨੇ ਜਾਗਰੂਕ ਨਹੀਂ ਹੋਏ, ਜਿਸ ਕਰਕੇ ਉਹ ਤਸੱਲੀਬਖਸ਼ ਗਿਣਤੀ ਵਿੱਚ ਅਜਿਹੇ ਪ੍ਰੋਗਰਾਮਾਂ ਵਿੱਚ ਹਾਜਰੀ ਨਹੀਂ ਭਰਦੇ।

 

ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਸਥਾਨਕ ਨਗਰ ਕੌਂਸਲ ਵਿਖੇ ਲਗਾਤਾਰ 6 ਘੰਟੇ ਹਲਕੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਮੌਕੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਐਲਾਨੀਆਂ ਆਖਿਆ ਕਿ ਜਿਸ ਨੇ ਮੈਨੂੰ ਵੋਟਾਂ ਨਹੀਂ ਪਾਈਆਂ ਅਤੇ ਵਾਰ-ਵਾਰ ਵੋਟਾਂ ਦੌਰਾਨ ਮੇਰਾ ਵਿਰੋਧ ਕੀਤਾ, ਉਹ ਵੀ ਜਾਇਜ ਕੰਮ ਕਰਵਾਉਣ ਲਈ ਮੇਰੇ ਨਾਲ ਸੰਪਰਕ ਕਰ ਸਕਦਾ ਹੈ, ਕਿਸੇ ਨਾਲ ਕੋਈ ਵਿਤਕਰੇਬਾਜੀ ਨਹੀਂ ਹੋਵੇਗੀ।

 

 ਸਪੀਕਰ ਸੰਧਵਾਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਘੜੰਮ ਚੋਧਰੀ ਨਹੀਂ, ਜਿਸ ਦੀ ਤੁਹਾਨੂੰ ਸਿਫਾਰਸ਼ ਦੀ ਲੋੜ ਪਵੇ, ਕਿਉਂਕਿ ਪਹਿਲਾਂ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਮੌਕੇ ਰਵਾਇਤੀ ਪਾਰਟੀਆਂ ਦੇ ਘੜੰਮ ਚੋਧਰੀਆਂ ਦੀਆਂ ਸਿਫਾਰਸ਼ਾਂ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਸੀ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਜਿਹੇ ਕਿਸੇ ਵੀ ਘੜੰਮ ਚੋਧਰੀ ਨੂੰ ਮਾਨਤਾ ਨਹੀਂ ਦਿੱਤੀ ਗਈ ਅਤੇ ਮੁੱਖ ਮੰਤਰੀ ਸਮੇਤ ਸਾਰੇ ਮੰਤਰੀ ਅਤੇ ਵਿਧਾਇਕ ਖੁਦ ਲੋਕਾਂ ਨਾਲ ਨੇੜਤਾ ਬਣਾ ਕੇ ਰੱਖਦੇ ਹਨ।


ਉਨ੍ਹਾਂ ਕਿਹਾ ਕਿ ਅੱਗੇ ਆਧਾਰ ਕਾਰਡ ਦੀ ਤਬਦੀਲੀ, ਰਾਸ਼ਨ ਕਾਰਡ, ਵੋਟਰ ਕਾਰਡ, ਜਾਤੀ ਸਰਟੀਫਿਕੇਟ, ਇੰਤਕਾਲ ਜਾਂ ਫਰਦਾਂ ਲਈ ਆਮ ਲੋਕਾਂ ਨੂੰ ਕਈ ਕਈ ਦਿਨ ਜਾਂ ਮਹੀਨਿਆਂਬੱਧੀ ਸਰਕਾਰੀ ਦਫਤਰਾਂ ਵਿੱਚ ਜਲੀਲ ਹੋਣਾ ਪੈਂਦਾ ਸੀ ਤੇ ਰਿਸ਼ਵਤ ਲਏ ਤੋਂ ਬਿਨਾਂ ਕਿਸੇ ਵੀ ਦਫਤਰ ਵਿੱਚ ਕੰਮ ਨੇਪਰੇ ਨਹੀਂ ਸੀ ਚੜਦਾ ਪਰ ਹੁਣ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਭ੍ਰਿਸ਼ਟਾਚਾਰ ਦੇ ਮੁਕੰਮਲ ਖਾਤਮੇ ਲਈ ਇਕ ਵੱਟਸਅਪ ਨੰਬਰ ਜਾਰੀ ਕੀਤਾ ਗਿਆ ਹੈ, ਜੇਕਰ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਕੰਮ ਕਰਵਾਉਣ ਬਦਲੇ ਖਪਤਕਾਰਾਂ ਅਤੇ ਲਾਭਪਾਤਰੀਆਂ ਤੋਂ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸਦੀ ਸ਼ਿਕਾਇਤ ਵੱਟਸਅਪ ਨੰਬਰ 95012-00200 ’ਤੇ ਦਰਜ ਕਰਵਾ ਸਕਦਾ ਹੈ। ਹੁਣ ਸ਼ਿਕਾਇਤ ਦਰਜ ਕਰਵਾਉਣ ਲਈ ਵੀ ਕਿਸੇ ਦੀ ਸਿਫਾਰਸ਼ ਦੀ ਲੋੜ ਨਹੀਂ ਅਤੇ ਰੋਜਾਨਾ ਇਸ ਤਰਾਂ ਦੇ ਰਿਸ਼ਵਤਖੋਰ ਅਧਿਕਾਰੀ ਅਤੇ ਕਰਮਚਾਰੀ ਵਿਜੀਲੈਂਸ ਵਿਭਾਗ ਦੀ ਗ੍ਰਿਫਤ ਵਿੱਚ ਆ ਰਹੇ ਹਨ।