Farmer Protest: ਦਿੱਲੀ ਵੱਲ ਕਿਸਾਨਾਂ ਦੇ ਮਾਰਚ ਬਾਰੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਨੇ ਕਿਹਾ ਕਿ ਜੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜਾਣ ਤੋਂ ਕਿਸੇ ਨੇ ਨਹੀਂ ਰੋਕਿਆ, ਪਰ ਜਾਣ ਦਾ ਤਰੀਕਾ ਸਹੀ ਨਹੀਂ ਹੈ। ਖੱਟਰ ਨੇ ਕਿਹਾ ਕਿ ਵਾਹਨ ਬਹੁਤ ਹਨ ਕਿਉਂ ਪੈਂਦਲ ਆ ਰਹੇ ਹਨ ਜਿਸ ਉੱਤੇ ਹੁਣ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।



ਸਰਕਾਰ ਦੀ ਭਰੋਸੇਯੋਗਤਾ ਲੋਕਾਂ ਚੋਂ ਹੋਈ ਖ਼ਤਮ ?


ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਖੱਟਰ ਸਾਬ੍ਹ ਹੁਣ ਕਹਿ ਰਹੇ ਹਨ ਕਿ ਹੋਰ ਵਾਹਨਾਂ ਉੱਤੇ ਆ ਜਾਓ ਪਰ ਜਦੋਂ ਮੁੱਖ ਮੰਤਰੀ ਸੀ ਉਦੋਂ ਕਹਿੰਦੇ ਸੀ ਕਿਸਾਨ ਪੈਦਲ ਆਉਣ, ਪਹਿਲਾਂ ਸਾਰੀ ਭਾਜਪਾ ਕਹਿੰਦੀ ਸੀ ਕਿ ਟਰੈਕਟਰ ਟਰਾਲੀ ਠੀਕ ਨਹੀਂ ਹੈ। ਹੁਣ ਸਾਰੀ ਭਾਜਪਾ ਦੁਚਿੱਤੀ ਵਿੱਚ ਹੈ ਕਿ, ਕੀ ਕਹਿਣਾ ਹੈ ਤੇ ਕੀ ਨਹੀਂ ਕਹਿਣਾ। ਪੰਧੇਰ ਨੇ ਕਿਹਾ ਕਿ ਲੋਕਾਂ ਵਿੱਚ ਸਰਕਾਰ ਦੀ ਭਰੋਸੇਯੋਗਤਾ ਖ਼ਤਮ ਹੋ ਰਹੀ ਹੈ। ਜਿਵੇਂ ਕਿਸਾਨਾਂ ਉੱਤੇ ਤਸ਼ੱਦਦ ਹੋ ਰਿਹਾ ਹੈ ਉਸ ਨੂੰ ਦੇਖ ਕੇ ਪੂਰੇ ਦੇਸ਼ ਦੇ ਲੋਕ ਭਾਜਪਾ ਦਾ ਵਿਰੋਧ ਕਰ ਰਹੇ ਹਨ ਜਿਸ ਦੇ ਦਬਾਅ ਵਿੱਚ ਆ ਕੇ ਕਦੇ ਇਹ ਕੁਝ ਬਿਆਨ ਦਿੰਦੇ ਹਨ ਤੇ ਕਦੇ ਕੁਝ ਕਹਿੰਦੇ ਹਨ।






ਕੀ ਕਿਹਾ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ?


ਮਨੋਹਰ ਲਾਲ ਖੱਟਰ ਨੇ ਮੀਡੀਆ ਨਾਲ ਰਾਬਤਾ ਕਰਦਿਆਂ ਕਿਹਾ ਕਿ ਕਿਸਾਨ ਦਿੱਲੀ ਜਾਣਾ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਕਿਸੇ ਨੇ ਵੀ ਜਾਣ ਤੋਂ ਰੋਕਿਆ ਨਹੀਂ ਹੈ ਪਰ ਉਨ੍ਹਾਂ ਦਾ ਜਾਣ ਦਾ ਤਰੀਕਾ ਸਹੀ ਨਹੀਂ ਹੈ। ਇਸ ਤਰ੍ਹਾਂ ਦੇ ਪ੍ਰਦਰਸ਼ਨਕਾਰੀ ਤਰੀਕੇ ਦਾ ਕੋਈ ਲਾਭ ਨਹੀਂ ਹੈ। ਉਨ੍ਹਾਂ ਨੇ ਜੋ ਵੀ ਗੱਲ ਕਰਨੀ ਹੈ ਉਹ ਬੈਠ ਕੇ ਕਰ ਸਕਦੇ ਹਨ।  ਇਸ ਮੌਕੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਪੈਦਲ ਆ ਜਾਣ ਤੇ ਹੁਣ ਜਦੋਂ ਉਹ ਪੈਦਲ ਆ ਰਹੇ ਹਨ ਤਾਂ ਉਨ੍ਹਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ ਤਾਂ ਖੱਟਰ ਨੇ ਕਿਹਾ ਕਿ ਵਾਹਨ ਬਹੁਤ ਹਨ ਉਹ ਉਨ੍ਹਾਂ ਉੱਤੇ ਆ ਸਕਦੇ ਹਨ।