ਜਲੰਧਰ  - ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਬਲਕਾਰ ਸਿੰਘ ਨੇ ਅੱਜ ਕਿਹਾ ਕਿ ਮੁੱਖ ਮੰਤਰੀ  ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਪੰਜਾਬ ਨੂੰ ਉਦਯੋਗਿਕ ਵਿਕਾਸ ਦੇ ਧੁਰੇ ਵਜੋਂ ਉਭਾਰਣ ਲਈ ਰਾਜ ਵਿੱਚ ਉਦਯੋਗ-ਪੱਖੀ ਮਾਹੌਲ ਸਿਰਜਿਆ ਹੈ।


ਇਥੇ ਨਵੀਂ ਅਨਾਜ ਮੰਡੀ ਵਿੱਚ ਉਦਯੋਗਿਕ ਮਸ਼ੀਨਰੀ ਸਬੰਧੀ ਚੱਲ ਰਹੀ 6ਵੀਂ ਮਸ਼ੀਨਐਕਸ ਐਕਸਪੋ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਪੁੱਜੇ ਕੈਬਨਿਟ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੀ ਪਹਿਲੀ ਸਰਕਾਰ ਜੋ ਸੂਬੇ ਵਿੱਚ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਅਤੇ ਵੱਧ ਤੋਂ ਵੱਧ ਸਨਅਤ ਲਿਆਉਣ ਲਈ ਕਈ ਵੱਡੇ ਕਦਮ ਚੁੱਕੇ ਜਾ ਰਹੇ ਹਨ।


ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਹੈ, ਜੋ ਸਮੂਹ ਵਰਗਾਂ ਨੂੰ ਨਾਲ ਲੈ ਕੇ ਨੀਤੀ ਨਿਰਮਾਣ ਕਰਦੀ ਹੈ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਉਦਯੋਗਪਤੀਆਂ ਨਾਲ ਮਿਲਣੀਆਂ ਕਰਕੇ ਉਨ੍ਹਾਂ ਦੇ ਸੁਝਾਅ ਲਏ, ਜਿਨ੍ਹਾਂ ਨੂੰ ਇੰਡਸਟਰੀ ਦੀ ਤਰੱਕੀ ਅਤੇ ਸੂਬੇ ਦੇ ਵਿਕਾਸ ਲਈ ਲਾਗੂ ਕੀਤਾ ਜਾ ਰਿਹਾ ਹੈ।


ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਉਦਯੋਗਾਂ ਲਈ ਸੂਬੇ ’ਚ ਸੁਖਾਵਾਂ ਮਾਹੌਲ ਸਿਰਜਿਆ ਹੈ ਅਤੇ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਜਾਰੀ ਹੈ।  



ਪ੍ਰਬੰਧਕਾਂ ਵੱਲੋਂ ਮਸ਼ੀਨਰੀ ਸਬੰਧੀ ਪ੍ਰਦਰਸ਼ਨੀ ਲਾਉਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਜਿਥੇ ਉਦਯੋਗਾਂ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਉਥੇ ਨਵੀਂ ਤਕਨੀਕ ਦੇਖਣ ਦਾ ਮੌਕਾ ਮਿਲਦਾ ਹੈ।


ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜਲੰਧਰ, ਜੋ ਕਿ ਖੇਡਾਂ ਦੇ ਸਾਮਾਨ, ਚਮੜੇ ਦੇ ਸਾਮਾਨ, ਹੈਂਡ ਟੂਲਜ਼, ਪਾਈਪ ਫਿਟਿੰਗ ਅਤੇ ਹੋਰ ਬਹੁਤ ਸਾਰੀਆਂ ਵਸਤਾਂ ਦੇ ਨਿਰਮਾਣ ਲਈ ਜਾਣਿਆਂ ਜਾਂਦਾ ਹੈ, ਨੂੰ ਇਸ ਪ੍ਰਦਰਸ਼ਨੀ ਵਿੱਚ ਦਰਸਾਈਆਂ ਮਸ਼ੀਨਾਂ ਤੇ ਤਕਨੀਕ ਤੋਂ ਭਰਪੂਰ ਫਾਇਦਾ ਮਿਲੇਗਾ।


ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਆਈ.ਟੀ.ਆਈਜ਼ ਅਤੇ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੂੰ ਅਜਿਹੀਆਂ ਪ੍ਰਦਰਸ਼ਨੀਆਂ ਦਾ ਲਾਭ ਉਠਾਉਂਦਿਆਂ ਇਨ੍ਹਾਂ ਵਿੱਚ ਪ੍ਰਦਰਸ਼ਿਤ ਆਧੁਨਿਕ ਤਕਨੀਕਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਇਸ ਦੌਰਾਨ ਸਥਾਨਕ ਸਰਕਾਰਾਂ ਮੰਤਰੀ ਨੇ ਵੱਖ-ਵੱਖ ਸਟਾਲਾਂ ’ਤੇ ਪ੍ਰਦਰਸ਼ਿਤ ਮਸ਼ੀਨਰੀ ਵੀ ਦੇਖੀ।