Punjab News: ਪੰਜਾਬ ਵਿੱਚ ਗ਼ਰੀਬਾਂ ਨੂੰ ਚੌਲ ਵੰਡਣ ਵਿੱਚ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਵਿੱਚ 1.55 ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਨੇ 1138 ਬੋਰੀਆਂ ਨਾਲ ਭਰੇ ਦੋ ਟਰੱਕ ਜ਼ਬਤ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵਿਜੀਲੈਂਸ ਬਿਊਰੋ ਨੇ ਗੋਦਾਮ 'ਤੇ ਛਾਪਾ ਮਾਰ ਕੇ ਸ਼ਿਵ ਸ਼ਕਤੀ ਰਾਈਸ ਮਿੱਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਲਕ ਗੋਪਾਲ ਗੋਇਲ ਅਤੇ ਦੋ ਟਰੱਕ ਡਰਾਈਵਰਾਂ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਕਾਬੂ ਕੀਤਾ ਹੈ। ਇਸ ਮਾਮਲੇ ਵਿੱਚ ਜੈ ਜੈਨੇਂਦਰ ਫਰਮ ਦੇ ਠੇਕੇਦਾਰ ਹਰੀਸ਼ ਦਲਾਲ, ਸ਼ਵ ਸ਼ਕਤੀ ਰਾਈਸ ਮਿੱਲ ਗੜ੍ਹਸ਼ੰਕਰ ਦੇ ਮਾਲਕ ਗੋਪਾਲ ਗੋਇਲ ਹੁਸ਼ਿਆਰਪੁਰ, ਅੰਜਨੀ ਰਾਈਸ ਮਿੱਲ ਕੁੱਤੀਵਾਲ ਕਲਾਂ ਮੌੜ ਮੰਡੀ ਬਠਿੰਡਾ ਸ਼ਾਮਲ ਹਨ।
ਵਿਜੀਲੈਂਸ ਬਿਓਰੋ ਦੀ ਬਠਿੰਡਾ ਰੇਂਜ ਵਿੱਚ ਇਸ ਸਬੰਧੀ ਮਾਲਿਕ, ਟਰੱਕ ਡਰਾਈਵਰ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਂਚ ਵਿੱਚ ਗਲੋਬਲ ਵੇਅਰਹਾਊਸ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸੁਪਰਵਾਈਜ਼ਰਾਂ ਤੋਂ ਇਲਾਵਾ ਭਾਰਤੀ ਖੁਰਾਕ ਨਿਗਮ ਦੇ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ।
ਵਿਜੀਲੈਂਸ ਅਨੁਸਾਰ ਭਾਰਤ ਸਰਕਾਰ ਵੱਲੋਂ ਚਲਾਈ ਗਈ 'ਭਾਰਤ ਬ੍ਰਾਂਡ' ਸਕੀਮ ਤਹਿਤ ਬਠਿੰਡਾ, ਭੁੱਚੋ, ਮੌੜ, ਰਾਮਪੁਰਾ ਫੂਲ ਅਤੇ ਬੁਢਲਾਡਾ ਦੇ ਗਰੀਬ ਪਰਿਵਾਰਾਂ ਨੂੰ ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਕਰੀਬ 70 ਹਜ਼ਾਰ ਮੀਟ੍ਰਿਕ ਟਨ ਚੌਲ ਵੰਡੇ ਜਾ ਰਹੇ ਹਨ। ਜਿਸ ਦੀ ਕੀਮਤ ਕਰੀਬ 130 ਕਰੋੜ ਰੁਪਏ ਸੀ। ਇਸ ਵਿੱਚੋਂ 1000 ਮੀਟ੍ਰਿਕ ਟਨ ਚੌਲ 5 ਕਿਲੋ ਅਤੇ 10 ਕਿਲੋ ਦੀਆਂ ਬੋਰੀਆਂ ਵਿੱਚ 18.50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੰਡਿਆ ਜਾਣਾ ਸੀ। ਬਠਿੰਡਾ ਜ਼ਿਲ੍ਹੇ ਵਿੱਚ ਲਾਭਪਾਤਰੀਆਂ ਨੂੰ ਇਹ ਚੌਲਾਂ 29 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਪਲਾਈ ਕਰਨ ਦਾ ਟੈਂਡਰ ਜੈ ਜੈਨੇਂਦਰ ਦੀ ਫਰਮ ਨੂੰ ਦਿੱਤਾ ਗਿਆ ਸੀ।
ਵਿਜੀਲੈਂਸ ਬਿਊਰੋ ਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਲਾਭਪਾਤਰੀਆਂ ਦੇ 3.40 ਕਰੋੜ ਰੁਪਏ ਦੇ ਚੌਲਾਂ ਦਾ ਗਬਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਚਨਾ 'ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ 1138 ਬੋਰੀਆਂ ਚੌਲਾਂ ਨਾਲ ਭਰੇ 2 ਟਰੱਕ ਜ਼ਬਤ ਕੀਤੇ, ਜੋ ਫਤਿਆਬਾਦ ਦੇ ਕਸਬਾ ਹਮਜਾਪੁਰ ਵਿਖੇ ਭੇਜੇ ਜਾਣੇ ਸਨ। ਪਰ ਵਪਾਰੀ ਫਰਮ ਵੱਲੋਂ ਚੌਲ ਸਿੱਧੇ ਵਿਕਰੇਤਾਵਾਂ ਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਸੀ। ਇਸ ਕਾਰਨ ਚੌਲਾਂ ਨੂੰ ਨਾ ਤਾਂ ਸਾਫ਼ ਕੀਤਾ ਗਿਆ ਅਤੇ ਨਾ ਹੀ ਬੋਰੀਆਂ ਵਿੱਚ ਪਾਇਆ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਉਕਤ ਫਰਮ ਗਰੀਬ ਲੋਕਾਂ ਲਈ ਰਾਖਵੇਂ ਸਰਕਾਰੀ ਸਟਾਕ ਨੂੰ 34 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਕੇ ਗਬਨ ਕਰਨਾ ਚਾਹੁੰਦੀ ਸੀ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੈ ਜੈਨੇਂਦਰ ਫਰਮ ਦੇ ਮਾਲਕਾਂ ਨੇ ਹਰੀਸ਼ ਕੁਮਾਰ ਨਾਮਕ ਇੱਕ ਦਲਾਲ ਅਤੇ ਭਾਰਤੀ ਖੁਰਾਕ ਨਿਗਮ ਦੇ ਅਣਪਛਾਤੇ ਅਧਿਕਾਰੀਆਂ ਨਾਲ ਮਿਲ ਕੇ ਇਸ ਗੋਦਾਮ ਦੇ ਅਧਿਕਾਰੀਆਂ/ਕਰਮਚਾਰੀਆਂ/ਸੁਪਰਵਾਈਜ਼ਰਾਂ ਨਾਲ ਮਿਲ ਕੇ ਗਲੋਬਲ ਵੇਅਰਹਾਊਸ (ਸੋਮਾ ਵੇਅਰਹਾਊਸ), ਮੌੜ ਮੰਡੀ ਤੋਂ ਚੌਲਾਂ ਦੀ ਖਰੀਦ ਕੀਤੀ ਸੀ। ਬਾਅਦ ਵਿੱਚ ਇਨ੍ਹਾਂ ਚੌਲਾਂ ਦੀਆਂ ਬੋਰੀਆਂ ਨੂੰ ਅੰਜਨੀ ਰਾਈਸ ਮਿੱਲ, ਕੁੱਤੀਵਾਲ ਕਲਾਂ, ਮੌੜ ਮੰਡੀ ਵਿੱਚ ਭੇਜਿਆ ਗਿਆ ਅਤੇ ਉਸ ਤੋਂ ਬਾਅਦ ਇਨ੍ਹਾਂ ਟਰੱਕਾਂ ਰਾਹੀਂ ਚੌਲਾਂ ਦੀਆਂ ਬੋਰੀਆਂ ਨੂੰ ਸ਼ਿਵ ਸ਼ਕਤੀ ਰਾਈਸ ਮਿੱਲ, ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਲਿਜਾਇਆ ਜਾਣਾ ਸੀ।