Machhiwara Accident : ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਸਾਹਿਬ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸੋਮਵਾਰ ਸਵੇਰੇ ਸਕੂਲ ਜਾਂਦੇ ਸਮੇਂ 18 ਸਾਲਾ ਵਿਦਿਆਰਥੀ ਰਣਜੋਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਮਾਛੀਵਾੜਾ ਥਾਣੇ ਦੇ ਨੇੜੇ ਵਾਪਰਿਆ। ਰਣਜੋਤ ਪਿੰਡ ਜੀਵਨਪੁਰ ਦਾ ਰਹਿਣ ਵਾਲਾ ਸੀ ਅਤੇ 12ਵੀਂ ਜਮਾਤ ਵਿੱਚ ਪੜ੍ਹਦਾ ਸੀ।
ਗਲਤ ਸਾਈਡ ਤੋਂ ਆ ਰਹੇ ਬਾਈਕ ਸਵਾਰਾਂ ਨੇ ਮਾਰੀ ਟੱਕਰ
ਜਾਣਕਾਰੀ ਮੁਤਾਬਕ ਰਣਜੋਤ ਰੋਜ਼ਾਨਾ ਦੀ ਤਰ੍ਹਾਂ ਆਪਣੇ ਪਿੰਡ ਤੋਂ ਸਕੂਲ ਜਾ ਰਿਹਾ ਸੀ। ਇਸ ਦੌਰਾਨ ਥਾਣੇ ਨੇੜੇ ਗਲਤ ਸਾਈਡ ਤੋਂ ਆ ਰਹੇ ਬਾਈਕ ਸਵਾਰਾਂ ਨੇ ਉਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਪਹਿਲਾਂ ਮਾਛੀਵਾੜਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੁੱਢਲੇ ਇਲਾਜ ਮਗਰੋਂ ਫੋਰਟਿਸ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮਾਪਿਆਂ ਦਾ ਇਕਲੌਤਾ ਪੁੱਤ ਸੀ ਰਣਜੋਤ
ਰਣਜੋਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪਿਤਾ ਬਲਜਿੰਦਰ ਸਿੰਘ ਪਟਵਾਰੀ ਹਨ, ਜਦਕਿ ਉਸ ਦੀ ਵੱਡੀ ਭੈਣ ਆਸਟ੍ਰੇਲੀਆ ਵਿੱਚ ਰਹਿੰਦੀ ਹੈ। ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪਿਤਾ ਬੋਲੇ- ਸਕੂਲ ਬੰਦ ਹੁੰਦਾ ਤਾਂ ਮੇਰਾ ਪੁੱਤ ਬਚ ਜਾਂਦਾ
ਪੁੱਤਰ ਨੂੰ ਗੁਆਉਣ ਵਾਲੇ ਪਿਤਾ ਬਲਜਿੰਦਰ ਸਿੰਘ ਨੇ ਰੋਂਦਿਆਂ ਕਿਹਾ ਕਿ ਜੇਕਰ ਅੱਜ ਸਕੂਲ ਬੰਦ ਹੁੰਦਾ ਤਾਂ ਉਨ੍ਹਾਂ ਦਾ ਜੋਤ ਅੱਜ ਉਨ੍ਹਾਂ ਦੇ ਕੋਲ ਹੁੰਦਾ। ਉਨ੍ਹਾਂ ਮੁਤਾਬਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਕਾਰਨ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਸੀ। ਮਾਛੀਵਾੜਾ ਬਲਾਕ ਦੇ ਹੋਰ ਸਕੂਲ ਵੀ ਬੰਦ ਸਨ, ਪਰ ਇਹ ਸਕੂਲ ਖੁੱਲ੍ਹਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਕੂਲ ਵੀ ਸਰਕਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਬੰਦ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ। ਹਾਦਸੇ ਤੋਂ ਬਾਅਦ ਸਕੂਲ ਵਿੱਚ ਵੀ ਛੁੱਟੀ ਕਰ ਦਿੱਤੀ ਗਈ।
DEO ਨੇ ਸਕੂਲ ਖ਼ਿਲਾਫ਼ ਕਾਰਵਾਈ ਦੀ ਗੱਲ ਕਹੀ
ਜ਼ਿਲ੍ਹਾ ਸਿੱਖਿਆ ਅਧਿਕਾਰੀ ਡਿੰਪਲ ਮਦਾਨ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਸੀ। ਜੇਕਰ ਮਾਛੀਵਾੜਾ ਦਾ ਕੋਈ ਸਕੂਲ ਖੁੱਲ੍ਹਾ ਸੀ ਅਤੇ ਉਸ ਦੇ ਵਿਦਿਆਰਥੀ ਨਾਲ ਇਹ ਹਾਦਸਾ ਵਾਪਰਿਆ ਹੈ ਤਾਂ ਇਹ ਬਹੁਤ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸਕੂਲ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬਾਈਕ ਸਵਾਰਾਂ ਦੀ ਭਾਲ ਕਰ ਰਹੀ ਪੁਲਿਸ
ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਰਣਜੋਤ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਟੱਕਰ ਮਾਰਨ ਵਾਲੇ ਬਾਈਕ ਸਵਾਰਾਂ ਦੀ ਭਾਲ ਕਰ ਰਹੀ ਹੈ। ਉੱਥੇ ਹੀ ਮੌਕੇ 'ਤੇ ਮੌਜੂਦ ਲੋਕਾਂ ਦਾ ਦਾਅਵਾ ਹੈ ਕਿ ਬਾਈਕ ਸਵਾਰ ਨਸ਼ੇ ਦੀ ਹਾਲਤ ਵਿੱਚ ਸਨ। ਪੁਲਿਸ ਵੱਲੋਂ ਇਸ ਪਹਿਲੂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।