Road Accident: ਫਰੀਦਕੋਟ 'ਚ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ 'ਤੇ ਇੱਕ ਸਕੂਲ ਵੈਨ ਤੇ ਬੱਸ ਦੀ ਟੱਕਰ ਹੋ ਗਈ। ਇਸ ਦੌਰਾਨ ਇੱਕ ਕਾਰ ਵੀ ਆ ਕੇ ਉਨ੍ਹਾਂ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 9ਵੀਂ ਜਮਾਤ ਦੀ ਵਿਦਿਆਰਥਣਦੀ ਮੌਤ ਹੋ ਗਈ। ਡਰਾਈਵਰ ਤੇ ਤਿੰਨ ਵਿਦਿਆਰਥਣਾਂ ਗੰਭੀਰ ਜ਼ਖ਼ਮੀ ਹੋ ਗਈਆਂ।
ਪਿੰਡ ਕਲੇਰ ਨੇੜੇ ਵਾਪਰੇ ਹਾਦਸੇ ਵਿੱਚ ਮਰਨ ਵਾਲੀ ਵਿਦਿਆਰਥਣਦੀ ਪਛਾਣ ਏਕਨੂਰ ਥਾਪਰ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਹਾਦਸੇ ਕਾਰਨ ਨੈਸ਼ਨਲ ਹਾਈਵੇਅ ’ਤੇ ਜਾਮ ਲੱਗ ਗਿਆ ਤੇ ਪੁਲਿਸ ਨੇ ਆ ਕੇ ਸਥਿਤੀ ’ਤੇ ਕਾਬੂ ਪਾਇਆ। ਪੁਲਿਸ ਅਨੁਸਾਰ ਹਾਦਸੇ ਵਿੱਚ ਜ਼ਖ਼ਮੀ ਹੋਈਇੱਕ ਵਿਦਿਆਰਥਣਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖ਼ਮੀਆਂ ਵਿੱਚ ਵਿਦਿਆਰਥਣ ਜਸ਼ਨਦੀਪ ਕੌਰ, ਖੁਸ਼ਵੀਰ ਕੌਰ, ਉਸਦੀ ਭੈਣ ਜੈਸਮੀਨ ਕੌਰ ਤੇ ਵੈਨ ਡਰਾਈਵਰ ਬਲਵੀਰ ਸਿੰਘ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਦੇ ਕਸਬਾ ਮੁੱਦਕੀ ਦੇ ਸ਼ਹੀਦ ਗੰਜ ਪਬਲਿਕ ਸਕੂਲ ਦੀ ਵੈਨ ਵਿਦਿਆਰਥਣਾਂ ਨੂੰ ਲੈ ਕੇ ਮੁੱਦਕੀ ਜਾ ਰਹੀ ਸੀ। ਜਿਵੇਂ ਹੀ ਇਹ ਵੈਨ ਪਿੰਡ ਕਲੇਰ ਨੇੜੇ ਹਾਈਵੇਅ 'ਤੇ ਸੜਕ ਪਾਰ ਕਰਨ ਲੱਗੀ ਤਾਂ ਇਸ ਦੀ ਅੰਮ੍ਰਿਤਸਰ ਤੋਂ ਆ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਨਾਲ ਟੱਕਰ ਹੋ ਗਈ।
ਹਾਦਸੇ ਤੋਂ ਬਾਅਦ ਪਿੱਛੇ ਤੋਂ ਆ ਰਹੀ ਇੱਕ ਕਾਰ ਵੀ ਬੱਸ ਨਾਲ ਟਕਰਾਅ ਗਈ। ਮਾਮਲੇ ਦੀ ਸੂਚਨਾ ਮਿਲਦੇ ਹੀ ਰੋਡ ਸੇਫਟੀ ਫੋਰਸ ਦੀ ਟੀਮ ਮੌਕੇ 'ਤੇ ਪਹੁੰਚ ਗਈ ਤੇ ਜ਼ਖ਼ਮੀ ਵਿਦਿਆਰਥਣਾਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ 'ਚ ਦਾਖਲ ਕਰਵਾਇਆ।
ਡੀਸੀ ਵਿਨੀਤ ਕੁਮਾਰ ਤੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਮੈਡੀਕਲ ਕਾਲਜ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਮੈਡੀਕਲ ਕਾਲਜ ਹਸਪਤਾਲ ਪ੍ਰਸ਼ਾਸਨ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ। ਡੀਸੀ ਵਿਨੀਤ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਵੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।
ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਸਕੂਲ ਵੈਨ ਅਤੇ ਬੱਸ ਡਰਾਈਵਰ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।