Punjab News: ਫਿਰੋਜ਼ਪੁਰ ਦੇ ਕੱਚਾ ਜੀਰਾ ਰੋਡ 'ਤੇ ਸਥਿਤ ਗੁਰੂ ਰਾਮਦਾਸ ਪਬਲਿਕ ਸਕੂਲ, ਰਾਮਪੁਰਾ ਦੀ ਸਕੂਲ ਵੈਨ ਸ਼ਨੀਵਾਰ ਸਵੇਰੇ ਇੱਕ ਨਾਲੇ ਵਿੱਚ ਪਲਟ ਗਈ। ਵੈਨ ਦਾ ਡਰਾਈਵਰ ਵੱਖ-ਵੱਖ ਪਿੰਡਾਂ ਦੇ ਬੱਚਿਆਂ ਨੂੰ ਸਕੂਲ ਲੈ ਜਾ ਰਿਹਾ ਸੀ। ਵੈਨ ਵਿੱਚ ਲਗਭਗ 30 ਬੱਚੇ ਸਨ। ਸਾਰੇ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਪਲ-ਪਲ ਦੀ ਅੱਪਡੇਟ ਲੈ ਰਹੇ ਹਨ।

ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਫਿਰੋਜ਼ਪੁਰ ਵਿਖੇ ਸੇਮ ਨਾਲੇ ‘ਚ ਬੱਚਿਆਂ ਨਾਲ ਭਰੀ ਇੱਕ ਨਿੱਜੀ ਸਕੂਲ ਬੱਸ ਦੇ ਹਾਦਸਾਗ੍ਰਸਤ ਹੋਣ ਦੀ ਦੁਖਦਾਈ ਖ਼ਬਰ ਮਿਲੀ। ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਨੇ। ਬਚਾਅ ਕਾਰਜਾਂ ‘ਤੇ ਮੈਂ ਪਲ ਪਲ ਦੀ ਅਪਡੇਟ ਲੈ ਰਿਹਾ ਹਾਂ। ਪਰਮਾਤਮਾ ਅੱਗੇ ਸਭ ਦੀ ਤੰਦਰੁਸਤੀ ਤੇ ਸਲਾਮਤੀ ਦੀ ਕਾਮਨਾ ਕਰਦੇ ਹਾਂ।

ਇਸ ਹਾਦਸੇ ਤੋਂ ਬਾਅਦ ਡਰਾਈਵਰ ਜੱਗਾ ਸਿੰਘ ਨੇ ਦੱਸਿਆ ਕਿ ਉਸਦੀ ਵੈਨ ਵਿੱਚ 30 ਬੱਚੇ ਸਨ। ਸਵੇਰੇ 7:00 ਵਜੇ ਉਹ ਵੱਖ-ਵੱਖ ਪਿੰਡਾਂ ਦੇ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਿਹਾ ਸੀ। ਜਿਵੇਂ ਹੀ ਵੈਨ ਨਾਲੇ ਦੇ ਉੱਪਰ ਵਾਲੇ ਪੁਲ 'ਤੇ ਪਹੁੰਚੀ, ਵੈਨ ਦਾ ਪਹੀਆ ਲਹਿ ਗਿਆ ਤੇ ਵੈਨ ਪੁਲ ਤੋਂ ਸਿੱਧੀ ਨਾਲੇ ਵਿੱਚ ਡਿੱਗ ਪਈ। ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਡਰਾਈਵਰ ਨੇ ਕਿਹਾ ਕਿ ਉਹ ਵੈਨ ਬਹੁਤ ਹੌਲੀ ਚਲਾ ਰਿਹਾ ਸੀ ਤੇ ਇਸ ਲਈ ਉਸਦਾ ਕਾਫ਼ੀ ਬਚਾਅ ਹੋ ਗਿਆ।

ਜਾਣਕਾਰੀ ਮੁਤਾਬਕ ਮੌਕੇ 'ਤੇ ਘਟਨਾ ਦਾ ਪਤਾ ਲੱਗਣ 'ਤੇ ਆਸ-ਪਾਸ ਦੇ ਲੋਕ ਤੁਰੰਤ ਹਾਦਸੇ ਵਾਲੀ ਥਾਂ ਪਹੁੰਚੇ ਅਤੇ ਬੱਚਿਆਂ ਨੂੰ ਬੱਸ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ। ਹਾਲਾਂਕਿ, ਘਟਨਾ ਵਿੱਚ ਬੱਸ ਵਿੱਚ ਸਵਾਰ ਕਿਸੇ ਵੀ ਬੱਚੇ ਨੂੰ ਕੁੱਝ ਨਹੀਂ ਹੋਇਆ ਅਤੇ ਸਾਰੇ ਬੱਚੇ ਸੁਰੱਖਿਅਤ ਰਹੇ। ਸਾਰੇ ਬੱਚਿਆਂ ਨੂੰ ਇੱਕ ਹੋਰ ਬੱਸ ਕਰਕੇ ਸਕੂਲ ਭੇਜਿਆ ਗਿਆ।