Schools Of Eminence buses: ਸਕੂਲ ਆਫ ਐਮੀਨੈਂਸ ਵਿੱਚ ਬੱਚਿਆਂ ਦੀ ਸਹੁਤਲ ਲਈ ਜਿਹੜੀਆਂ ਬੱਸਾਂ ਲਗਾਈਆਂ ਗਈਆਂ ਹਨ, ਉਹ ਬੰਦ ਹੋ ਗਈਆਂ ਹਨ। ਇਹ ਇਲਜ਼ਾਮ ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲਗਾਏ ਹਨ। ਸੁਖਪਾਲ ਖਹਿਰਾ ਨੇ ਇੱਕ ਖ਼ਬਰ ਦਾ ਹਵਾਲਾ ਦਿੰਦਿਆ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਜੋ ਮਾਨ ਸਰਕਾਰ ਦਾਅਵਾ ਕਰ ਹੀ ਹੈ ਕਿ ਬਦਲਾਅ ਲਿਆਂਦਾ ਹੈ ਅਸਲ 'ਚ ਉਸ ਦੀ ਫੂਕ ਨਿਕਲ ਗਈ ਹੈ



ਸੁਖਪਾਲ ਖਰਿਹਾ ਨੇ ਟਵੀਟ ਕਰਕੇ ਲਿਖਿਆ ਕਿ - ਪੰਜਾਬ ਸਰਕਾਰ ਦਾ ਸਿੱਖਿਆ ਦੇ ਖੇਤਰ ਵਿੱਚ ਕੀਤਾ ਗਿਆ ਬਦਲਾਅ ਤੁਹਾਡੇ ਸਾਹਮਣੇ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਸ ਗੱਲ ਦੇ ਦਾਅਵੇ ਕਰ ਰਹੇ ਸਨ ਕਿ ਸਿੱਖਿਆ ਖੇਤਰ ਵਿੱਚ ਬਹੁਤ ਵੱਡੀ ਕ੍ਰਾਂਤੀ ਹੋਈ ਹੈ। 


ਸਕੂਲ ਆਫ ਐਮੀਨੈਂਸ ਬਣਾਏ ਗਏ ਹਨ ਪਰ ਜਿਹੜੇ ਸਕੂਲ ਆਫ ਐਮੀਨੈਂਸ ਬਣਾਏ ਗਏ ਹਨ ਉਹਨਾਂ ਨੂੰ ਸਿਰਫ ਰੰਗ ਕਰਕੇ ਅਤੇ ਉਹਨਾਂ ਦੇ ਗੇਟ ਉੱਪਰ ਸਕੂਲ ਆਫ ਐਮੀਨੈਂਸ ਲਿਖ ਦਿੱਤਾ ਗਿਆ ਪਰ ਸਕੂਲ ਦੇ ਅੰਦਰ ਇੱਕ ਵੀ ਸਹੂਲਤ ਮੌਜੂਦ ਨਹੀਂ ਹੈ ਬਾਕੀ ਇਸ ਖਬਰ ਰਾਹੀਂ ਬਹੁਤ ਕੁਝ ਸਪਸ਼ਟ ਹੋ ਗਿਆ ਹੈ ਕਿ ਸਕੂਲ ਆਫ ਐਮੀਨੈਂਸ ਦੇ ਵਿੱਚ ਜਿਹੜੀਆਂ ਬੱਸਾਂ ਸਰਕਾਰ ਵੱਲੋਂ ਲਗਾਈਆਂ ਗਈਆਂ ਸਨ ਉਹ ਬੰਦ ਹੋ ਗਈਆਂ ਹਨ ਅਤੇ ਸਰਕਾਰ ਦਾ ਨਕਲੀ ਬਦਲਾਅ ਤੁਹਾਡੇ ਸਾਹਮਣੇ ਹੈ।



ਸੁਖਪਾਲ ਖਹਿਰਾ ਵੱਲੋਂ ਜਿਹੜੀ ਖ਼ਬਰ ਦਾ ਹਵਾਲਾ ਦਿੱਤਾ ਗਿਆ ਹੈ ਉਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ  ਸਕੂਲ ਵੈਨ ਐਸੋਸੀਏਸ਼ਨ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਨਵੰਬਰ ਮਹੀਨੇ ਤੋਂ ਵੱਖ-ਵੱਖ ਵੈਨਾਂ ਦੇ ਮਾਲਕ ਬੱਚਿਆਂ ਨੂੰ ਸਕੂਲ ਛੱਡਣ ਅਤੇ ਲਿਆਉਣ ਦਾ ਕੰਮ ਕਰ ਰਹੇ ਹਨ।


ਪੰਜਵਾਂ ਮਹੀਨਾ ਸ਼ੁਰੂ ਹੋ ਗਿਆ ਪਰ ਸਰਕਾਰ ਨੇ ਇਕ ਵੀ ਪੈਸਾ ਵੈਨ ਮਾਲਕਾਂ ਦੇ ਖਾਤੇ ਵਿਚ ਨਹੀਂ ਪਾਇਆ। ਉਨ੍ਹਾਂ ਦੱਸਿਆ ਕਿ ਇਥੋਂ ਤੱਕ ਕਿ ਕਈ ਵੈਨ ਮਾਲਕਾਂ ਨੇ ਡਰਾਈਵਰ ਰੱਖੋ ਹੋਏ ਹਨ, ਉਨ੍ਹਾਂ ਦੀਆਂ ਤਨਖ਼ਾਹਾਂ ਵੀ ਜੇਬ ਵਿਚੋਂ ਦੇ ਰਹੇ ਹਨ ਅਤੇ ਡੀਜ਼ਲ ਵੀ ਪੱਲਿਓ ਭਰਾ ਰਹੇ ਹਨ। ਫਿਰ ਗੱਡੀਆਂ ਦੀ ਸਾਂਭ- ਸੰਭਾਲ ਦਾ ਖਰਚਾ ਵੀ ਜੇਬ ਵਿਚੋਂ ਹੀ ਜਾ ਰਿਹਾ ਹੈ। ਪਰ ਮਾਨ ਸਰਕਾਰ ਨੇ ਹਾਲੇ ਤੱਕ ਸਾਨੂੰ ਫੰਡ ਜਾਰੀ ਨਹੀਂ ਕੀਤੇ।