ਯੂਪੀ : ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਪ੍ਰਕੋਪ ਦੇ ਕਾਰਨ ਵਿਦਿਅਕ ਸੰਸਥਾਵਾਂ ਨੂੰ ਲੈ ਕੇ ਫੈਸਲਾ ਲਿਆ ਗਿਆ ਹੈ। ਇਸ ਤਹਿਤ ਹੁਣ ਯੂਪੀ ਦੇ ਸਾਰੇ ਵਿਦਿਅਕ ਅਦਾਰੇ 6 ਫਰਵਰੀ ਤੱਕ ਬੰਦ ਰਹਿਣਗੇ। ਇਸ ਲਈ ਆਨਲਾਈਨ ਕਲਾਸਾਂ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ।ਸ਼ੁੱਕਰਵਾਰ ਸ਼ਾਮ ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ ਇੱਕ ਆਦੇਸ਼ ਜਾਰੀ ਕੀਤਾ ਹੈ। ਵਧੀਕ ਮੁੱਖ ਸਕੱਤਰ ਅਵਨੀਸ਼ ਕੁਮਾਰ ਅਵਸਥੀ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਹੁਕਮਾਂ ਅਨੁਸਾਰ ਸੂਬੇ ਦੇ ਸਕੂਲਾਂ ਵਿੱਚ ਆਨਲਾਈਨ ਸਿੱਖਿਆ ਜਾਰੀ ਰਹੇਗੀ। 

 

ਇਸ ਤੋਂ ਪਹਿਲਾਂ ਕੋਰੋਨਾ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ 16 ਜਨਵਰੀ ਨੂੰ ਸਕੂਲ-ਕਾਲਜਾਂ ਸਮੇਤ ਸਾਰੇ ਵਿਦਿਅਕ ਅਦਾਰੇ 30 ਜਨਵਰੀ ਤੱਕ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਸੀ। ਸ਼ੁੱਕਰਵਾਰ ਨੂੰ ਸੂਬੇ ਵਿੱਚ ਕਰੋਨਾ ਇਨਫੈਕਸ਼ਨ ਦਾ ਜਾਇਜ਼ਾ ਲੈਣ ਲਈ ਬੁਲਾਈ ਗਈ ਮੀਟਿੰਗ ਵਿੱਚ ਸਾਰੇ ਜ਼ਿਲ੍ਹਿਆਂ ਤੋਂ ਪ੍ਰਾਪਤ ਰਿਪੋਰਟਾਂ ਦੇ ਆਧਾਰ ’ਤੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਵਿਦਿਅਕ ਅਦਾਰੇ 06 ਫਰਵਰੀ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ।


 ਇਸ ਦੇ ਨਾਲ ਹੀ ਦੇਸ਼ ਭਰ ਵਿੱਚ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਵਿਡ -19 ਟੀਕਾਕਰਨ ਮੁਹਿੰਮ ਦੀ ਰਫ਼ਤਾਰ ਵਧਣ ਦੇ ਨਾਲ ਕੇਂਦਰ ਸਰਕਾਰ ਜਲਦੀ ਹੀ ਦੇਸ਼ ਭਰ ਵਿੱਚ ਸਕੂਲ ਮੁੜ ਖੋਲ੍ਹਣ ਲਈ ਇੱਕ ਐਡਵਾਇਜ਼ਰੀ ਜਾਰੀ ਕਰ ਸਕਦੀ ਹੈ।

 

ਹਾਲਾਂਕਿ ਕੋਰੋਨਾ ਸੰਕਰਮਣ ਦੇ ਮਾਮਲਿਆਂ ਵਿੱਚ ਕਮੀ ਦੇ ਮੱਦੇਨਜ਼ਰ ਦਿੱਲੀ ਵਿੱਚ ਪਾਬੰਦੀਆਂ ਘਟਾਈਆਂ ਜਾ ਰਹੀਆਂ ਹਨ। ਇਸ ਲਈ ਇੱਥੇ ਵੀਕੈਂਡ ਕਰਫਿਊ ਹਟਾ ਲਿਆ ਗਿਆ। ਹੁਣ ਤੱਕ ਦਿੱਲੀ ਵਿੱਚ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਵੀਕੈਂਡ ਕਰਫਿਊ ਲਾਗੂ ਸੀ। ਇਸ ਦੇ ਨਾਲ ਹੀ ਵਿਆਹ ਸਮਾਗਮ 'ਚ 200 ਲੋਕ ਸ਼ਾਮਲ ਹੋਣ 'ਤੇ ਛੋਟ ਮਿਲੇਗੀ। ਹੁਣ ਤੱਕ ਸਿਰਫ਼ 15 ਲੋਕਾਂ ਨੂੰ ਹੀ ਸ਼ਾਮਲ ਹੋਣ ਦੀ ਇਜਾਜ਼ਤ ਸੀ।