Punjab News:  ਪੰਜਾਬ ਦੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਦਾ ਇਕ ਬੈਚ ਅੱਜ ਟ੍ਰੇਨਿੰਗ ਲਈ ਫਿਨਲੈਂਡ ਰਵਾਨਾ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਇਨ੍ਹਾਂ ਅਧਿਆਪਕਾਂ ਨੂੰ ਫਿਨਲੈਂਡ ਲਈ ਰਵਾਨਾ ਕੀਤਾ ਤੇ ਬੱਸ ਨੂੰ ਹਰੀ ਝੰਡੀ ਦਿਖਾਈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ 'ਚ ਅਜਿਹੇ ਉਪਰਾਲੇ ਇਸੇ ਤਰ੍ਹਾਂ ਜਾਰੀ ਰਹਿਣਗੇ।



ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅੱਜ ਚੰਡੀਗੜ੍ਹ ਵਿਖੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਦੇ ਦੂਜੇ ਬੈਚ ਨੂੰ ਟ੍ਰੇਨਿੰਗ ਲਈ ਫਿਨਲੈਂਡ ਨੂੰ ਰਵਾਨਾ ਕੀਤਾ। ਸਾਰਿਆਂ ਨੂੰ ਮਿਲ ਕੇ ਟ੍ਰੇਨਿੰਗ ਲਈ ਸ਼ੁੱਭਕਾਮਨਾਵਾਂ ਦਿੱਤੀਆਂ।  ਅਧਿਆਪਕਾਂ ਨੂੰ ਸਮਾਜ ਦੇ ਨਿਰਮਾਤਾ ਮੰਨਿਆ ਜਾਂਦਾ ਹੈ। ਆਸ ਕਰਦੇ ਹਾਂ ਕਿ ਤੁਸੀਂ ਟ੍ਰੇਨਿੰਗ ਤੋਂ ਬਾਅਦ ਅਜਿਹੇ ਵਿਦਿਆਰਥੀ ਤਿਆਰ ਕਰੋਗੇ, ਜੋ ਦੇਸ਼ ਦੀ ਤਰੱਕੀ ਵਿੱਚ ਆਪਣਾ ਹਿੱਸਾ ਪਾਉਣਗੇ। ਪੰਜਾਬ ਦੀ ਸਿੱਖਿਆ ਕ੍ਰਾਂਤੀ 'ਚ ਅਜਿਹੇ ਉਪਰਾਲੇ ਇਸੇ ਤਰ੍ਹਾਂ ਜਾਰੀ ਰਹਿਣਗੇ।






ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਕਤ ਅਧਿਆਪਕ ਇੱਕ ਨਵੇਂ ਕਦਮ ਵੱਲ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਦੁਨੀਆ ਬਦਲ ਰਹੀ ਹੈ ਤਾਂ ਪੜ੍ਹਾਈ ਦੇ ਆਧੁਨਿਕ ਤਰੀਕਿਆਂ ਨੂੰ ਵੀ ਅਪਨਾਉਣਾ ਪਵੇਗਾ। ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਉੱਥੇ ਜਾ ਕੇ ਦੂਜੇ ਦੇਸ਼ਾਂ ਦੇ ਅਧਿਆਪਕਾਂ ਤੋਂ ਵੀ ਉਨ੍ਹਾਂ ਨੂੰ ਸਿੱਖਣ ਲਈ ਬਹੁਤ ਕੁੱਝ ਮਿਲੇਗਾ ਤੇ ਇੱਥੇ ਆ ਕੇ ਅਧਿਆਪਕ ਆਪਣੇ ਤਜ਼ੁਰਬਿਆਂ ਨੂੰ ਸਾਂਝਾ ਕਰਨ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦਾ ਇਹ ਸਿਖਲਾਈ ਪ੍ਰੋਗਰਾਮ 2 ਹਫ਼ਤਿਆਂ ਦਾ ਹੋਵੇਗਾ।


ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਰਹੇ। ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਅਧਿਆਪਕਾਂ ਦੇ ਪਹਿਲੇ ਬੈਚ ਨੂੰ ਫਿਨਲੈਂਡ ਭੇਜਿਆ ਗਿਆ ਸੀ



ਕਿਹੜੇ ਅਧਿਆਪਕਾਂ ਨੂੰ ਭੇਜਿਆ ਗਿਆ ਵਿਦੇਸ਼


ਜਾਣਕਾਰੀ ਮੁਤਾਬਕਸ ਜਿਨ੍ਹਾਂ ਅਧਿਆਪਕਾਂ ਨੂੰ ਸਰਕਾਰ ਸਿਖਲਾਈ ਲਈ ਭੇਜ ਰਹੀ ਹੈ। ਉਨ੍ਹਾਂ ਦੀ ਰਿਟਾਇਰਮੈਂਟ ਲਈ ਅਜੇ ਬਹੁਤ ਲੰਮਾ ਸਫ਼ਰ ਬਾਕੀ ਹੈ। ਸਰਕਾਰ ਨੇ ਸਿਖਲਾਈ ਵਿੱਚ ਸ਼ਾਮਲ ਹੋਣ ਲਈ ਅਧਿਆਪਕਾਂ ਦੀ ਵੱਧ ਤੋਂ ਵੱਧ ਉਮਰ 43 ਸਾਲ ਨਿਰਧਾਰਤ ਕੀਤੀ ਸੀ। ਸਰਕਾਰ ਨੇ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ 31 ਜਨਵਰੀ, 2025 ਤੱਕ ਉਨ੍ਹਾਂ ਦੀ ਉਮਰ 43 ਸਾਲ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ।  ਬਿਨੈਕਾਰਾਂ ਕੋਲ ਸਤੰਬਰ 2025 ਤੱਕ ਵੈਧ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ। ਉਸ ਵਿਰੁੱਧ ਕਿਸੇ ਵੀ ਤਰ੍ਹਾਂ ਦਾ ਕੋਈ ਮਾਮਲਾ ਜਾਂ ਜਾਂਚ ਨਹੀਂ ਹੋਣੀ ਚਾਹੀਦੀ।