Punjab News: ਪੰਜਾਬ ਪੁਲਿਸ 'ਤੇ ਹਮਲਿਆਂ ਦੀ ਪਿਰਤ ਮੁੜ ਤੋਂ ਸ਼ੁਰੂ ਹੋ ਗਈ ਜਾਪਦੀ ਹੈ। ਪਿਛਲੇ 20 ਦਿਨਾਂ ਵਿੱਚ ਘੱਟੋ ਘੱਟ ਪੰਜ ਘਟਨਾਵਾਂ ਦੀ ਰਿਪੋਰਟ ਕੀਤੀ ਗਈ ਹੈ। ਖੁਸ਼ਕਿਸਮਤੀ ਨਾਲ ਇਨ੍ਹਾਂ ਗ੍ਰੈਨੇਡ ਹਮਲਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।


ਜੇ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਬਟਾਲਾ ਦੇ ਘਣੀਆ  ਬਾਂਗਰ ਥਾਣੇ ਦੇ ਗੇਟ ਕੋਲ ਕਥਿਤ ਤੌਰ 'ਤੇ ਇੱਕ ਗ੍ਰਨੇਡ ਸੁੱਟਿਆ ਗਿਆ। ਖੈਰੀਅਤ ਰਹੀ ਕਿ ਗ੍ਰਨੇਡ ਫਟਿਆ ਨਹੀਂ । ਸ਼ੁਰੂਆਤੀ ਰਿਪੋਰਟਾਂ ਮੁਤਾਬਕ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ। 


ਦੱਸ ਦਈਏ ਕਿ ਇਸ ਤੋਂ ਪਹਿਲਾਂ ਤਿੰਨ ਥਾਣਿਆਂ 'ਤੇ ਹੈਂਡ ਗ੍ਰੈਨੇਡ ਸੁੱਟੇ ਗਏ ਸਨ ਤੇ ਇਕ ਥਾਣੇ ਦੇ ਬਾਹਰ ਆਈ.ਈ.ਡੀ. ਲਾਇਆ ਗਿਆ ਸੀ ਪਰ ਇਹ ਧਮਾਕਾ ਪਿਛਲੇ ਧਮਾਕੇ ਤੋਂ ਥੋੜ੍ਹਾ ਵੱਖਰਾ ਸੀ। ਹੈਂਡ ਗ੍ਰੇਨੇਡ ਸੁੱਟਣ ਤੋਂ ਬਾਅਦ ਅੱਤਵਾਦੀਆਂ ਨੇ ਸਬੂਤ ਵਜੋਂ ਧਮਾਕੇ ਦੀ ਵੀਡੀਓ ਵੀ ਬਣਾਈ।



ਇਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਗਈ ਸੀ। ਇਹ ਪੋਸਟ, ਕਥਿਤ ਤੌਰ 'ਤੇ ਹੈਪੀ ਪਾਸੀਆ ਅਤੇ ਗੋਪੀ ਨਵਾਂਸ਼ਹਿਰ ਦੀ ਹੈ, ਇਸ ਵਿੱਚ ਉਨ੍ਹਾਂ ਨੇ ਸ਼ਾਮ 6 ਵਜੇ ਤੋਂ ਬਾਅਦ ਪੁਲਿਸ ਨਾਕਿਆਂ ਉੱਤੇ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਪੁਲਿਸ ਨੇ ਦਾਅਵਿਆਂ ਤੋਂ ਇਨਕਾਰ ਨਹੀਂ ਕੀਤਾ ਹੈ ਅਤੇ ਜਾਂਚ ਕਰ ਰਹੀ ਹੈ।


ਕਦੋਂ-ਕਦੋਂ ਪੰਜਾਬ ਪੁਲਿਸ ਨੂੰ ਬਣਾਇਆ ਗਿਆ ਨਿਸ਼ਾਨਾਂ


ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ 4 ਦਸੰਬਰ ਨੂੰ ਅੰਮ੍ਰਿਤਸਰ ਦੇ ਮਜੀਠਾ ਥਾਣੇ ਵਿੱਚ ਇੱਕ ਜ਼ਬਰਦਸਤ ਧਮਾਕਾ ਹੋਣ ਦੀ ਸੂਚਨਾ ਮਿਲੀ, ਜਿਸ ਨਾਲ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਹਾਲਾਂਕਿ ਪੁਲਿਸ ਨੇ ਸ਼ੁਰੂ ਵਿੱਚ ਇਸਨੂੰ ਟਾਇਰ ਫਟਣ ਦਾ ਕਾਰਨ ਦੱਸਿਆ ਸੀ, ਪਰ ਬਾਅਦ ਵਿੱਚ ਸੋਸ਼ਲ ਮੀਡੀਆ ਪੋਸਟਾਂ ਨੇ ਦਾਅਵਾ ਕੀਤਾ ਕਿ ਇਹ ਇੱਕ ਗ੍ਰਨੇਡ ਹਮਲਾ ਸੀ।


ਜੇ ਹੋਰ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ 2 ਦਸੰਬਰ ਨਵਾਂ ਸ਼ਹਿਰ ਵਿੱਚ ਅੰਸਾਰੋ ਪੁਲਿਸ ਚੌਕੀ ’ਤੇ ਗ੍ਰੇਨੇਡ ਹਮਲਾ ਹੋਇਆ ਸੀ।


28 ਨਵੰਬਰ ਨੂੰ ਅੰਮ੍ਰਿਤਸਰ ਪੁਲਿਸ ਦੀ ਪੁਰਾਣੀ ਚੌਕੀ ਗੁਰਬਖਸ਼ ਨਗਰ ਵਿੱਚ ਧਮਾਕਾ ਹੋਇਆ ਸੀ। ਉਕਤ ਹਮਲਾ ਹੈਂਡ ਗ੍ਰਨੇਡ ਨਾਲ ਵੀ ਕੀਤਾ ਗਿਆ। ਇਸ ਦੀ ਜ਼ਿੰਮੇਵਾਰੀ ਵੀ ਫੇਸਬੁੱਕ ਪੋਸਟ ਰਾਹੀਂ ਲਈ ਗਈ ਸੀ। ਹਾਲਾਂਕਿ ਪੁਲਿਸ ਨੇ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਸੀ।



23-24 ਨਵੰਬਰ ਦੀ ਰਾਤ ਨੂੰ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਇੱਕ ਆਈਈਡੀ ਵੀ ਲਾਇਆ ਗਿਆ ਸੀ, ਜੋ ਤਕਨੀਕੀ ਨੁਕਸ ਕਾਰਨ ਨਹੀਂ ਫਟਿਆ। ਪੁਲਿਸ ਨੂੰ ਸਵੇਰੇ ਇਹ ਆਈ.ਈ.ਡੀ. ਮਿਲਿਆ। ਇਹ ਆਈ.ਈ.ਡੀ ਵੀ ਅੱਤਵਾਦੀ ਹੈਪੀ ਪਾਸੀਆ ਅਤੇ ਗੋਪੀ ਨਵਾਂਸ਼ਹਿਰੀਆ ਵੱਲੋਂ ਲਾਇਆ ਗਿਆ ਸੀ।


ਪਹਿਲਾਂ ਕਦੋਂ ਹੋਏ ਸੀ ਹਮਲੇ ?


ਹਮਲਿਆਂ ਦੀ ਇਹ ਲਹਿਰ 2021 ਅਤੇ 2022 ਦਰਮਿਆਨ ਸਾਹਮਣੇ ਆਈ ਸੀ ਜਦੋਂ ਪੁਲਿਸ ਥਾਣਿਆਂ ਨੂੰ ਨਿਸ਼ਾਨਾਂ ਬਣਾਇਆ ਗਿਆ ਸੀ।


10 ਦਸੰਬਰ, 2022: ਤਰਨਤਾਰਨ ਦੇ ਸਰਹਾਲੀ ਥਾਣੇ 'ਤੇ ਰਾਕੇਟ ਸੰਚਾਲਿਤ ਗ੍ਰਨੇਡ ਹਮਲਾ।


9 ਮਈ, 2022: ਮੋਹਾਲੀ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਰਾਕੇਟ ਹਮਲਾ।


ਨਵੰਬਰ 2021: ਨਵਾਂਸ਼ਹਿਰ ਸੀਆਈਏ ਦਫ਼ਤਰ ਤੇ ਪਠਾਨਕੋਟ ਆਰਮੀ ਛਾਉਣੀ ਦੇ ਤ੍ਰਿਵੇਣੀ ਗੇਟ ਨੇੜੇ ਗ੍ਰੇਨੇਡ ਧਮਾਕੇ।


ਹਾਲਾਂਕਿ ਇਹ ਪਹਿਲਾਂ ਦੇ ਹਮਲੇ ਘੱਟ ਤੀਬਰਤਾ ਵਾਲੇ ਸਨ, ਪੁਲਿਸ ਨੇ ਪਾਕਿਸਤਾਨ ਦੀ ਆਈਐਸਆਈ ਅਤੇ ਖਾਲਿਸਤਾਨੀ ਅੱਤਵਾਦੀਆਂ ਨੂੰ ਇਨ੍ਹਾਂ ਦੀ ਯੋਜਨਾਬੰਦੀ ਲਈ ਜ਼ਿੰਮੇਵਾਰ ਠਹਿਰਾਇਆ ਹੈ। ਇਸ ਤੋਂ ਬਾਅਦ ਗੈਂਗਸਟਰਾਂ ਅਤੇ ਸਮੱਗਲਰਾਂ ਸਮੇਤ ਕਈ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।