ਚੰਡੀਗੜ੍ਹ: ਪਿਛਲੀ ਵਾਰ ਦੀ ਸੁਰੱਖਿਆ ਕੁਤਾਹੀ ਤੋਂ ਸਬਕ ਲੈਂਦੇ ਹੋਏ ਪੰਜਾਬ ਪੁਲਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਲਕੇ ਪੰਜਾਬ ਫੇਰੀ ਲਈ ਮੁਹਾਲੀ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਪ੍ਰਧਾਨ ਮੰਤਰੀ ਇੱਥੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨ ਆ ਰਹੇ ਹਨ। ਸਮਾਗਮ ਵਾਲੀ ਥਾਂ ਦੇ 2 ਕਿਲੋਮੀਟਰ ਦੇ ਖੇਤਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਲਾਕੇ ਨੂੰ ਨੋ ਫਲਾਈ ਜ਼ੋਨ ਬਣਾ ਦਿੱਤਾ ਗਿਆ ਹੈ। ਪੂਰੇ ਇਲਾਕੇ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। 


ਪਿਛਲੀ ਵਾਰ ਸੁਰੱਖਿਆ ਦੀ ਢਿੱਲ ਕਾਰਨ ਪੰਜਾਬ ਸਰਕਾਰ 'ਤੇ ਕਾਫੀ ਸਵਾਲ ਚੁੱਕੇ ਗਏ ਸੀ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਇਸ ਵਾਰ 7 ਹਜ਼ਾਰ ਦੇ ਕਰੀਬ ਜਵਾਨ ਡਿਊਟੀ 'ਤੇ ਤਿਆਰ ਹਨ। ਪੰਜਾਬ ਪੁਲਿਸ ਤੋਂ ਇਲਾਵਾ ਵਿਸ਼ੇਸ਼ ਸੁਰੱਖਿਆ ਬਲ (ਐਸਐਸਐਫ) ਦੇ ਅਧਿਕਾਰੀ ਸੁਰੱਖਿਆ ਦੀ ਨਿਗਰਾਨੀ ਕਰ ਰਹੇ ਹਨ। ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (SPG) ਦੇ ਅਧਿਕਾਰੀ ਵੀ ਮੋਹਾਲੀ ਪਹੁੰਚ ਗਏ ਹਨ।ਪੁਲਿਸ ਤੋਂ ਇਲਾਵਾ ਐਸਐਸਐਫ ਦੇ ਗਾਰਡ ਅਤੇ ਸਨਾਈਪਰ ਕਮਾਂਡੋ ਵੀ ਇਲਾਕੇ ਵਿੱਚ ਤਾਇਨਾਤ ਕੀਤੇ ਗਏ ਹਨ। ਬੰਬ ਨਿਰੋਧਕ ਦਸਤੇ ਅਤੇ ਡਾਗ ਸਕੁਐਡ ਨੂੰ ਵੀ ਸਟੈਂਡਬਾਏ 'ਤੇ ਰੱਖਿਆ ਗਿਆ ਹੈ।


ਪੀਐਮ ਮੋਦੀ ਲਈ ਹਸਪਤਾਲ ਦੇ ਸਾਹਮਣੇ 3 ਹੈਲੀਪੈਡ ਬਣਾਏ ਗਏ ਹਨ। ਆਲੇ-ਦੁਆਲੇ ਦੇ ਇਲਾਕਿਆਂ ਵਿੱਚੋਂ ਬਿਜਲੀ ਦੇ ਖੰਭੇ ਹਟਾ ਦਿੱਤੇ ਗਏ ਹਨ। ਇਸ ਦੇ ਆਲੇ-ਦੁਆਲੇ ਫੁੱਟਪਾਥ ਤੋੜ ਕੇ ਸੜਕ ਬਣਾਈ ਗਈ ਹੈ। ਮੁੱਲਾਪੁਰ ਵਿਖੇ ਮੀਟਿੰਗ ਵਾਲੀ ਥਾਂ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਕੀਤੀ ਗਈ ਹੈ। ਫਿਲਹਾਲ ਪੀਐਮ ਦਾ ਹੈਲੀਕਾਪਟਰ ਰਾਹੀਂ ਵਾਪਸ ਆਉਣ ਦਾ ਪ੍ਰੋਗਰਾਮ ਹੈ। ਹਾਲਾਂਕਿ ਪੀਐਮ ਸੁਰੱਖਿਆ ਦੀ ਬਲੂ ਬੁੱਕ ਮੁਤਾਬਕ ਪ੍ਰਸ਼ਾਸਨ ਵੱਲੋਂ ਬਦਲਵਾਂ ਰਸਤਾ ਵੀ ਤਿਆਰ ਕੀਤਾ ਗਿਆ ਹੈ।


ਪ੍ਰਧਾਨ ਮੰਤਰੀ ਨੇ ਪਿਛਲੀ ਵਾਰ ਅਜਿਹਾ ਦੌਰਾ 5 ਜਨਵਰੀ ਨੂੰ ਕੀਤਾ ਸੀ। ਉਹ ਫਿਰੋਜ਼ਪੁਰ 'ਚ ਵਿਕਾਸ ਪ੍ਰੋਜੈਕਟ ਦਾ ਉਦਘਾਟਨ ਕਰਨ ਦੇ ਨਾਲ-ਨਾਲ ਰੈਲੀ 'ਚ ਹਿੱਸਾ ਲੈਣ ਵਾਲੇ ਸਨ। ਹਾਲਾਂਕਿ ਕਿਸਾਨਾਂ ਦੇ ਧਰਨੇ ਕਾਰਨ ਉਨ੍ਹਾਂ ਦਾ ਕਾਫਲਾ ਫਿਰੋਜ਼ਪੁਰ ਦੇ ਪਿੰਡ ਪਿਆਰਾਣਾ ਦੇ ਫਲਾਈਓਵਰ 'ਤੇ 15 ਮਿੰਟ ਤੱਕ ਖੜ੍ਹਾ ਰਿਹਾ। ਇਸ ਨੂੰ ਸੁਰੱਖਿਆ ਦੀ ਕਮੀ ਦੱਸਦਿਆਂ ਪ੍ਰਧਾਨ ਮੰਤਰੀ ਉਥੋਂ ਦਿੱਲੀ ਪਰਤ ਗਏ। ਉਸ ਸਮੇਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪੀਐਮ ਦਾ ਇਹ ਪਹਿਲਾ ਦੌਰਾ ਹੈ। ਇਸ ਪ੍ਰੋਗਰਾਮ 'ਚ ਪੀਐੱਮ ਦੇ ਨਾਲ ਸੀਐੱਮ ਭਗਵੰਤ ਮਾਨ ਵੀ ਮੌਜੂਦ ਰਹਿਣਗੇ।