Punjab Politics: ਅਮਿਤ ਸ਼ਾਹ ਵੱਲੋਂ ਬੀਤੇ ਕੱਲ ਲੁਧਿਆਣਾ ਵਿੱਚ ਚੋਣ ਰੈਲੀ ਦੌਰਾਨ ਦਿੱਤੇ ਗਏ ਭਾਸ਼ਣ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਚਰਚਾ ਸ਼ੁਰੂ ਹੋ ਗਈ ਹੈ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਪੰਜਾਬ ਵਿੱਚ ‘ਆਪ’ ਸਰਕਾਰ ਲੰਮੀ ਚੱਲਣ ਵਾਲੀ ਨਹੀਂ। ਇਸ ਨੂੰ ਲੈ ਕੇ ਭਗਵੰਤ ਮਾਨ ਨੇ ਕਰੜਾ ਜਵਾਬ ਦਿੱਤਾ ਹੈ।
ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ, ਆਪਣੀ ਹਾਰ ਹੁੰਦੀ ਦੇਖ ਬੌਖਲਾਏ ਬੀਜੇਪੀ ਵਾਲੇ ਹੁਣ ਪੰਜਾਬੀਆਂ ਨੂੰ ਡਰਾਉਣ ਧਮਕਾਉਣ 'ਤੇ ਉੱਤਰ ਚੁੱਕੇ ਨੇ... 4 ਜੂਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਤੋੜਨ ਦੀਆਂ ਗੱਲਾਂ ਕਰ ਰਹੇ ਨੇ... ਮੋਦੀ ਸਾਬ੍ਹ, ਪੰਜਾਬੀਆਂ ਨੇ ਸਾਨੂੰ ਪਿਆਰ ਨਾਲ 92 ਸੀਟਾਂ ਦਿੱਤੀਆਂ ਨੇ... ਸਾਡੀ ਛੱਡੋ ਤੁਸੀਂ ਆਪਣੀ ਸਰਕਾਰ ਦੀ ਫ਼ਿਕਰ ਕਰੋ...
ਮਾਨ ਨੇ ਕਿਹਾ ਕਿ ਭਾਜਪਾ ਵਾਲੇ ਤਾਂ ਪੰਜਾਬ ਆ ਕੇ ਡਰਾ ਕੇ ਜਾਂ ਧਮਕੀਆਂ ਦੇ ਕੇ ਚਲੇ ਜਾਂਦੇ ਹਨ। ਅਮਿਤ ਸ਼ਾਹ ਧਮਕੀ ਦੇ ਚਲੇ ਗਏ ਕਿ 4 ਤੋਂ ਬਾਅਦ ਪੰਜਾਬ ਦੀ ਸਰਕਾਰ ਤੋੜ ਦੇਣਗੇ ਪਰ ਤੁਹਾਡੇ ਵਿੱਚ ਹੈ ਹਿੰਮਤ ਸਰਕਾਰ ਤੋੜਣ ਦੀ, 92 ਸੀਟਾਂ ਨੇ ਪੰਜਾਬੀਆਂ ਨੇ ਦਿੱਤੀਆਂ ਨੇ ਤੁਸੀਂ ਆਪਣੀ ਸਰਕਾਰ ਬਚਾ ਲਓ ਉਹੀ ਬਹੁਤ ਹੈ।
ਲੋਕ ਸਭਾ ਦੀਆਂ ਵੋਟਾਂ ਮੰਗਣ ਲਈ ਆਏ ਹੋ ਤੇ ਪੰਜਾਬ ਸਰਕਾਰ ਤੋੜਣ ਦੀਆਂ ਧਮਕੀਆਂ ਦੇ ਰਹੇ ਹਨ। ਇਨ੍ਹਾਂ ਨੂੰ ਲਗਦਾ ਹੈ ਕਿ ਸ਼ਾਇਦ ਅਸੀਂ ਬਾਕੀਆਂ ਵਾਂਗ ਖ਼ਰੀਦ ਲਵਾਂਗੇ ਪਰ ਇਹ ਭਗਵੰਤ ਮਾਨ, ਖ਼ਰੀਦਿਆ ਤਾਂ ਉਹ ਜਾਂਦਾ ਜੋ ਮੰਡੀ ਵਿੱਚ ਹੋਵੇ ਜੋ ਮੰਡੀ ਵਿੱਚ ਹੀ ਨਹੀਂ, ਉਸ ਦੀ ਕੀ ਕੀਮਤ ਲਾਵੋਗੇ।
ਕੇਜਰੀਵਾਲ ਨੇ ਦਿੱਤਾ ਠੋਕਵਾਂ ਜਵਾਬ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਮਿਤ ਸ਼ਾਹ ਨੇ ਕੱਲ ਕਿਹਾ ਕਿ ਉਹ 4 ਜੂਨ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਡੇਗ ਦੇਣਗੇ, ਭਗਵੰਤ ਮਾਨ ਇਸ ਮਗਰੋਂ ਮੁੱਖ ਮੰਤਰੀ ਨਹੀਂ ਰਹਿਣਗੇ। ਕੇਜਰੀਵਾਲ ਨੇ ਕਿਹਾ, “ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਪੰਜਾਬੀ ਦਿਲ ਦੇ ਬਹੁਤ ਵੱਡੇ ਹੁੰਦੇ ਹਨ, ਪਿਆਰ ਨਾਲ ਮੰਗ ਲੈਂਦੇ ਤੁਹਾਨੂੰ 1-2 ਸੀਟਾਂ ਦੇ ਦਿੰਦੇ, ਧਮਕੀ ਨਾ ਦਿਓ ਅਮਿਤ ਸ਼ਾਹ ਜੀ, ਪੰਜਾਬ ਦੇ ਲੋਕਾਂ ਨੂੰ ਧਮਕੀਆਂ ਨਾ ਦਿਓ, ਨਹੀਂ ਤਾਂ ਪੰਜਾਬ ਦੇ ਲੋਕ ਤੁਹਾਡਾ ਪੰਜਾਬ 'ਚ ਵੜਨਾ ਮੁਸ਼ਕਿਲ ਕਰ ਦੇਣਗੇ।