Jalandhar News: ਕਾਂਗਰਸ ਦੇ ਸੀਨੀਅਰ ਲੀਡਰ ਤੇ ਵਿਧਾਇਕ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਪਰਗਟ ਸਿੰਘ ਨੇ ਰਾਜਸਥਾਨ ਵਿੱਚ ਕਰਨੀ ਸੈਨਾ ਦੇ ਲੀਡਰ ਦੇ ਕਤਲ ਦੇ ਤਾਰ ਪੰਜਾਬ ਦੇ ਗੈਂਗਸਟਰਾਂ ਨਾਲ ਜੋੜਦਿਆਂ ਕਿਹਾ ਹੈ ਕਿ ਜੇਕਰ ਸਿੱਧੂ ਮੂਸੇਵਾਲਾ ਦੇ ਕਤਲ ਤੇ ਸਖ਼ਤ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਗੈਂਗਸਟਰਾਂ ਦੇ ਹੌਸਲੇ ਬੁਲੰਦ ਨਾ ਹੁੰਦੇ। ਪਰਗਟ ਸਿੰਘ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਪੇ ਅੱਜ ਵੀ ਇਨਸਾਫ਼ ਲਈ ਭਟਕ ਰਹੇ ਹਨ ਤੇ ਸਰਕਾਰ ਜੇਲ੍ਹਾਂ ਵਿੱਚੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊਆਂ ਕਰਵਾ ਰਹੀ ਹੈ।
ਪਰਗਟ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਰਾਜਸਥਾਨ ਵਿੱਚ ਗੈਂਗਸਟਰਾਂ ਹੱਥੋਂ ਹੋਏ ਕਤਲ ਤੋਂ ਬਾਅਦ ‘ਖਾਸ’ ਆਦਮੀ ਪਾਰਟੀ ਸਖ਼ਤ ਕਾਰਵਾਈ ਦੀ ਮੰਗ ਦਾ ਵਿਖਾਵਾ ਕਰ ਰਹੀ ਹੈ। ਹਉਮੇ ਨੂੰ ਪਾਸੇ ਰੱਖ ਕੇ ਖਾਸ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਜੇਕਰ ਸਿੱਧੂ ਮੂਸੇ ਵਾਲਾ ਦੇ ਕਤਲ ਤੇ ਸਖ਼ਤ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਗੈਂਗਸਟਰਾਂ ਦੇ ਹੌਸਲੇ ਬੁਲੰਦ ਨਾ ਹੁੰਦੇ। ਅਫਸੋਸ ਦੀ ਗੱਲ ਹੈ ਸਿੱਧੂ ਮੂਸੇ ਵਾਲਾ ਦੇ ਮਾਤਾ-ਪਿਤਾ ਅੱਜ ਵੀ ਇਨਸਾਫ਼ ਲਈ ਭਟਕ ਰਹੇ ਹਨ ਤੇ ਸਰਕਾਰ ਜੇਲ੍ਹਾਂ ਵਿੱਚੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊਆਂ ਕਰਵਾ ਰਹੀ ਹੈ।
ਦਰਅਸਲ ਰਾਜਸਥਾਨ 'ਚ ਰਾਜਪੂਤ ਕਰਨੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੀ ਹੱਤਿਆ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਇਸੇ ਗੈਂਗ ਨੇ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਭੜਕੇ
ਕਰਨੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੀ ਹੱਤਿਆ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਗੈਂਗਸਟਰਾਂ ਤੇ ਸਰਕਾਰ ਖਿਲਾਫ ਭੜਕੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ- 'ਲਗੇਗੀ ਆਗ ਤੋ ਆਏਂਗੇ ਕਈ ਘਰ ਜਦ ਮੇਂ, ਯਹਾਂ ਪਰ ਸਿਰਫ ਹਮਾਰਾ ਮਕਾਨ ਥੋੜੀ ਹੈ।' ਸਿੱਧੂ ਦੇ ਜਾਣ ਤੋਂ 556 ਦਿਨਾਂ ਬਾਅਦ ਅੱਜ ਵੀ ਉਹ ਇਨਸਾਫ ਦੀ ਉਡੀਕ ਕਰ ਰਹੇ ਹਨ। ਗੈਂਗਸਟਰਾਂ 'ਤੇ ਨਕੇਲ ਕੱਸਣ ਦੀ ਥਾਂ ਸਰਕਾਰ ਜਦੋਂ ਤੱਕ ਉਨ੍ਹਾਂ ਨੂੰ ਸ਼ਹਿ, ਮਦਦ, ਜੇਲ੍ਹਾਂ 'ਚ ਇੰਟਰਵਿਊ ਤੇ ਸਕਿਉਰਟੀ ਸਮੇਤ ਗੱਡੀਆਂ ਦੇ ਕਾਫਲੇ ਵਰਗੀਆਂ ਸ਼ਾਹੀ ਸਹੂਲਤਾਂ ਦਿੰਦੀ ਰਹੇਗੀ, ਇਸ ਹਨੇਰਗਰਦੀ 'ਚ ਲੋਕਾਂ ਦੇ ਘਰਾਂ ਦੇ ਚਿਰਾਗ ਇਸੇ ਤਰ੍ਹਾਂ ਬੁਝਦੇ ਰਹਿਣਗੇ।
ਬਲਕੌਰ ਸਿੰਘ ਨੇ ਕਿਹਾ ਕਿ ਮੇਰੀ ਲੜਾਈ ਸਿਰਫ਼ ਮੇਰੇ ਪੁੱਤਰ ਸ਼ੁਭਦੀਪ ਨੂੰ ਇਨਸਾਫ਼ ਦਿਵਾਉਣ ਲਈ ਨਹੀਂ, ਸਗੋਂ ਗੈਂਗਸਟਰ-ਸਿਆਸੀ ਗਠਜੋੜ ਨੂੰ ਜੜ੍ਹੋਂ ਪੁੱਟ ਕੇ ਹੋਰਨਾਂ ਘਰਾਂ ਦੀਆਂ ਜਾਨਾਂ ਬਚਾਉਣ ਲਈ ਵੀ ਹੈ।