ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ  ਨਿਰਮਲ ਸਿੰਘ ਕਾਹਲੋਂ ਦਾ ਦੇਹਾਂਤ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਉਹ ਬਿਮਾਰ ਚੱਲ ਰਹੇ ਸਨ ਅਤੇ  ਫੋਰਟਿਸ ਹਸਪਤਾਲ ਅੰਮ੍ਰਿਤਸਰ  ਵਿੱਚ ਦਾਖ਼ਲ ਸਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਮਾਝੇ ਦੇ ਚੋਟੀ ਦੇ ਅਕਾਲੀ ਨੇਤਾਵਾਂ 'ਚੋਂ ਇਕ ਨਿਰਮਲ ਸਿੰਘ ਕਾਹਲੋਂ ਦਾ ਅੱਜ ਸਵੇਰੇ ਸਵਰਗਵਾਸ ਹੋ ਗਿਆ।

ਨਿਰਮਲ ਸਿੰਘ ਕਾਹਲੋਂ ਪਿਛਲੇ ਕੁਝ ਸਮੇਂ ਤੋਂ ਫੋਰਟਿਸ ਹਸਪਤਾਲ ਅੰਮ੍ਰਿਤਸਰ 'ਚ ਜ਼ੇਰੇ ਇਲਾਜ ਸਨ ਪਰ ਅੱਜ ਤੜਕੇ ਉਨ੍ਹਾਂ ਨੇ ਆਖਰੀ ਸਾਹ ਲਏ। ਨਿਰਮਲ ਸਿੰਘ ਕਾਹਲੋਂ ਵਿਧਾਨ ਸਭਾ ਹਲਕਾ ਫਤਹਿਗੜ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ ਤੋਂ ਤਿੰਨ ਵਾਰ ਵਿਧਾਇਕ ਰਹੇ ਤੇ 1997 'ਚ ਪੰਜਾਬ ਵਿਚਲੀ ਅਕਾਲੀ ਭਾਜਪਾ ਸਰਕਾਰ ਦੌਰਾਨ ਪੇਂਡੂ ਵਿਕਾਸ ਮੰਤਰੀ ਤੇ 2007 ਤੋਂ 2012 ਤਕ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੀ ਰਹੇ।

2022 'ਚ ਉਨਾਂ ਦੇ ਸਪੁੱਤਰ ਰਵੀਕਰਨ ਸਿੰਘ ਕਾਹਲੋਂ ਨੇ ਡੇਰਾ ਬਾਬਾ ਨਾਨਕ ਹਲਕੇ ਤੋਂ ਚੋਣ ਲੜੀ ਤੇ ਸੁਖਜਿੰਦਰ ਸਿੰਘ ਰੰਧਾਵਾ ਤੋਂ ਕੁਝ ਵੋਟਾਂ ਦੇ ਫਰਕ ਨਾਲ ਹਾਰ ਗਏ। ਨਿਰਮਲ ਸਿੰਘ ਕਾਹਲੋਂ ਦਾ ਨਾਮ ਪੰਜਾਬ ਦੇ ਵੱਡੇ ਟਰਾਂਸਪੋਰਟਰਾਂ 'ਚ ਵੀ ਸ਼ੁਮਾਰ ਰਿਹਾ ਹੈ।


ਕਿਸੇ ਵੇਲੇ ਅਕਾਲੀ ਨੇਤਾ ਜਥੇਦਾਰ ਗੁਰਚਰਣ ਸਿੰਘ ਟੋਹੜਾ ਦੇ ਕਾਫੀ ਕਰੀਬੀ ਵੀ ਰਹੇ ਤੇ ਫਿਰ ਬਾਦਲ ਪਰਿਵਾਰ ਨਾਲ ਵੀ ਨਿਰਮਲ ਸਿੰਘ ਕਾਹਲੋਂ ਦੀਆਂ ਕਰੀਬੀਆਂ ਬਣੀਆਂ ਰਹੀਆਂ ਨਿਰਮਲ ਸਿੰਘ ਕਾਹਲੋਂ ਦਾ ਸਸਕਾਰ ਗੁਰਦਾਸਪੁਰ ਜ਼ਿਲ੍ਹੇ ਦੇ ਉਨ੍ਹਾਂ ਦੇ ਜੱਦੀ ਪਿੰਡ ਦਾਦੂਜੋਧ 'ਚ ਕੱਲ ਮਿਤੀ 17 ਜੁਲਾਈ ਨੂੰ  ਕਰੀਬ 11.30 ਵਜੇ ਕੀਤਾ ਜਾਵੇਗਾ।