ਪੰਜਾਬ ਦੀ ਸਨੌਰ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਹਰਿਆਣਾ ਦੇ ਕਰਨਾਲ ਤੋਂ ਫੜਿਆ ਗਿਆ। ਗ੍ਰਿਫ਼ਤਾਰੀ ਤੋਂ ਪਹਿਲਾਂ, ਪਠਾਣਮਾਜਰਾ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਪੰਜਾਬ ਪੁਲਿਸ ਨੇ ਮੇਰੀ ਪਹਿਲੀ ਸਾਬਕਾ ਪਤਨੀ ਨਾਲ ਸੰਬੰਧਤ ਇੱਕ ਪੁਰਾਣੇ ਮਾਮਲੇ ਵਿੱਚ IPC ਦੀ ਧਾਰਾ 376 (ਰੇਪ) ਦੇ ਤਹਿਤ ਕੇਸ ਦਰਜ ਕੀਤਾ ਹੈ। ਦਿੱਲੀ ਦੀ AAP ਟੀਮ ਪੰਜਾਬ 'ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਮੇਰੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।

ਪਠਾਣਮਾਜਰਾ ਉੱਤੇ 2022 ਵਿੱਚ ਉਨ੍ਹਾਂ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਨੇ ਪਹਿਲੀ ਵਿਆਹ ਛੁਪਾਉਣ ਅਤੇ ਮਾਰਪੀਟ ਦਾ ਦੋਸ਼ ਲਗਾਇਆ ਸੀ। ਇਸਦੇ ਨਾਲ-ਨਾਲ, ਇੱਕ ਕਥਿਤ ਅਸ਼ਲੀਲ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵੀ ਉਹ ਖਬਰਾਂ ਵਿੱਚ ਰਹੇ ਸਨ।

ਸਨੌਰ ਦੇ ਬਲਾਕ ਪ੍ਰਧਾਨ ਵੱਲੋਂ ਅਸਤੀਫਾ

ਪਠਾਣਮਾਜਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਉਨ੍ਹਾਂ ਨਾਲ ਜੁੜੇ ਪਾਰਟੀ ਮੈਂਬਰਾਂ ਅਤੇ ਵਰਕਰਾਂ ਦੇ ਵਿੱਚ ਰੋਸ ਦੇਖਣ ਨੂੰ ਮਿਲਿਆ। ਜਿਸ ਕਰਕੇ ਸਨੌਰ ਦੇ ਬਲਾਕ ਪ੍ਰਧਾਨ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਦਿੱਤੀ ਹੈ। 

 

 

 

ਪੂਰਾ ਮਾਮਲਾ ਹੈ ਕੀ?

ਹਰਮੀਤ ਸਿੰਘ ਪਠਾਣਮਾਜਰਾ ਦੇ ਵਕੀਲ ਬਿਕਰਮਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਠਾਣਮਾਜਰਾ ਖ਼ਿਲਾਫ਼ ਪਟਿਆਲਾ ਦੇ ਸਿਵਿਲ ਲਾਈਨ ਥਾਣੇ ਵਿੱਚ 1 ਸਤੰਬਰ 2025 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਜੀਰਕਪੁਰ ਦੀ ਇੱਕ ਔਰਤ ਦੀ ਸ਼ਿਕਾਇਤ ’ਤੇ ਆਧਾਰਿਤ ਹੈ, ਜਿਸ ਵਿੱਚ ਔਰਤ ਨੇ ਦੋਸ਼ ਲਾਇਆ ਕਿ 2013-14 ਵਿੱਚ ਸੋਸ਼ਲ ਮੀਡੀਆ ਰਾਹੀਂ ਪਠਾਣਮਾਜਰਾ ਨਾਲ ਉਸ ਦੀ ਜਾਣ-ਪਛਾਣ ਹੋਈ ਅਤੇ 2021 ਵਿੱਚ ਉਨ੍ਹਾਂ ਨੇ ਆਨੰਦ ਕਾਰਜ ਕਰਵਾਇਆ।

ਭੁੱਲਰ ਨੇ ਅੱਗੇ ਦੱਸਿਆ ਕਿ ਮਾਰਚ 2022 ਵਿੱਚ ਪਠਾਣਮਾਜਰਾ ਨੂੰ ਪਟਿਆਲਾ ਦੇ ਸਨੌਰ ਤੋਂ ਟਿਕਟ ਮਿਲਿਆ ਸੀ। 23 ਅਗਸਤ 2022 ਨੂੰ ਔਰਤ ਨੇ ਪੰਜਾਬ ਅਤੇ ਹਾਈ ਕੋਰਟ ਵਿੱਚ ਯਾਚਿਕਾ ਦਾਇਰ ਕੀਤੀ, ਜਿਸ ਤੋਂ ਬਾਅਦ ਕੋਰਟ ਨੇ 2024 ਵਿੱਚ ਰੋਪੜ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਔਰਤ ਖ਼ਿਲਾਫ਼ ਆਈ.ਟੀ. ਐਕਟ ਦੇ ਤਹਿਤ 4 ਤੋਂ 5 FIR ਦਰਜ ਕੀਤੀਆਂ ਗਈਆਂ ਹਨ।

ਗ੍ਰਿਫ਼ਤਾਰੀ ਦਾ ਪਤਾ ਨਹੀਂ: ਵਕੀਲ ਭੁੱਲਰ ਨੇ ਕਿਹਾ ਕਿ ਪਟਿਆਲਾ ਵਿੱਚ ਹੜ੍ਹ ਕਾਰਨ ਸਥਿਤੀ ਬੇਹਦ ਖ਼ਰਾਬ ਹੈ ਅਤੇ ਪਠਾਣਮਾਜਰਾ ਆਪਣੇ ਹਲਕੇ ਵਿੱਚ ਸਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਇੱਕ IAS ਅਧਿਕਾਰੀ ਉੱਤੇ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ 2013 ਦੇ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ FIR ਦਰਜ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਪਠਾਣਮਾਜਰਾ ਦੀ ਗ੍ਰਿਫ਼ਤਾਰੀ ਹੋਈ ਹੈ ਜਾਂ ਨਹੀਂ।