ਨਿਊ ਈਅਰ 2026 (New Year 2026) ਦੀ ਸ਼ੁਰੂਆਤ ਵਿੱਚ ਚੰਡੀਗੜ੍ਹ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਠੰਡ ਦਾ ਪ੍ਰਭਾਵ ਹੋਰ ਵਧੇਗਾ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ, ਅੱਜ ਤੋਂ ਅਗਲੇ 96 ਘੰਟਿਆਂ ਤੱਕ ਹਿਮਾਚਲ ਦੇ ਉੱਚੇ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਦਾ ਦੌਰ ਜਾਰੀ ਰਹੇਗਾ। ਇਸਦਾ ਅਸਰ ਸਿਰਫ਼ ਪਹਾੜੀ ਇਲਾਕਿਆਂ ਤੱਕ ਹੀ ਸੀਮਿਤ ਨਹੀਂ ਰਹੇਗਾ, ਸਗੋਂ ਪੰਜਾਬ–ਚੰਡੀਗੜ੍ਹ ਦੇ ਨਾਲ–ਨਾਲ ਹਰਿਆਣਾ, ਦਿੱਲੀ ਅਤੇ ਰਾਜਸਥਾਨ ਤੱਕ ਠੰਡੀ ਹਵਾਵਾਂ ਪਹੁੰਚਣਗੀਆਂ।

Continues below advertisement

ਰਾਤ ਦੇ ਤਾਪਮਾਨ 'ਚ ਦਰਜ ਕੀਤੀ ਗਈ ਗਿਰਾਵਟ

ਮੌਸਮ ਵਿਭਾਗ ਮੁਤਾਬਕ ਉੱਚੇ ਪਹਾੜਾਂ ‘ਤੇ ਬਰਫ਼ਬਾਰੀ ਤੋਂ ਬਾਅਦ ਉੱਥੋਂ ਚੱਲਣ ਵਾਲੀ ਕੋਲਡ ਵੇਵ ਦਾ ਅਸਰ ਪੂਰੇ ਉੱਤਰ ਭਾਰਤ ਵਿੱਚ ਵੇਖਣ ਨੂੰ ਮਿਲੇਗਾ। ਹਿਮਾਚਲ ਦੇ ਕਈ ਸ਼ਹਿਰਾਂ ਵਿੱਚ ਅਗਲੇ ਪੰਜ ਦਿਨਾਂ ਦੌਰਾਨ ਰਾਤ ਦੇ ਤਾਪਮਾਨ ਵਿੱਚ 4 ਤੋਂ 7 ਡਿਗਰੀ ਸੈਲਸੀਅਸ ਤੱਕ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਨਿਊਨਤਮ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਹੈ।

Continues below advertisement

ਲਾਹੌਲ–ਸਪੀਤੀ ਦੇ ਵੱਧ ਉੱਚਾਈ ਵਾਲੇ ਇਲਾਕਿਆਂ ਵਿੱਚ ਠੰਡ ਹੋਰ ਵੀ ਤਿੱਖੀ ਰਹਿਣ ਦੀ ਸੰਭਾਵਨਾ ਹੈ, ਜਿੱਥੇ ਨਿਊਨਤਮ ਤਾਪਮਾਨ ਮਾਈਨਸ 10 ਤੋਂ ਮਾਈਨਸ 12 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਹੈ। ਫਿਲਹਾਲ ਸ਼ਿਮਲਾ, ਮਨਾਲੀ, ਚੰਡੀਗੜ੍ਹ ਅਤੇ ਜਲੰਧਰ ਸਮੇਤ ਜ਼ਿਆਦਾਤਰ ਸ਼ਹਿਰਾਂ ਵਿੱਚ ਨਿਊਨਤਮ ਤਾਪਮਾਨ ਆਮ ਤੋਂ ਉੱਪਰ ਬਣਿਆ ਹੋਇਆ ਹੈ, ਪਰ ਬਰਫ਼ਬਾਰੀ ਤੋਂ ਬਾਅਦ ਇਹ ਆਮ ਨਾਲੋਂ ਕਾਫ਼ੀ ਹੇਠਾਂ ਚਲਾ ਜਾਵੇਗਾ। ਇਸਦਾ ਮਤਲਬ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਕੜਾਕੇ ਦੀ ਸਰਦੀ ਨਾਲ ਹੋਣ ਦੀ ਪੂਰੀ ਸੰਭਾਵਨਾ ਹੈ।

ਪਹਾੜਾਂ ਤੋਂ ਆਉਣ ਵਾਲੀ ਕੋਲਡ ਵੇਵ ਕਾਰਨ ਉੱਤਰ ਭਾਰਤ 'ਚ ਵੱਧੇਗੀ ਠੰਡ

ਉੱਚੇ ਪਹਾੜਾਂ ਤੋਂ ਚੱਲਣ ਵਾਲੀਆਂ ਠੰਡੀ ਹਵਾਵਾਂ ਪੂਰੇ ਉੱਤਰ ਭਾਰਤ ‘ਤੇ ਅਸਰ ਪਾਉਣਗੀਆਂ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਵਿਗਿਆਨੀ ਸ਼ੋਭਿਤ ਕਟਿਆਰ ਮੁਤਾਬਕ, ਅੱਜ ਤੋਂ 2 ਜਨਵਰੀ ਤੱਕ ਪਹਾੜੀ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਹੋਵੇਗੀ। ਇਸ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ ਸ਼ੁਰੂ ਹੋ ਜਾਵੇਗੀ।

ਉੱਚੇ ਪਹਾੜਾਂ ਤੋਂ ਆਉਣ ਵਾਲੀ ਕੋਲਡ ਵੇਵ ਕਾਰਨ ਪੂਰੇ ਉੱਤਰ ਭਾਰਤ ਵਿੱਚ ਠੰਡ ਵਧੇਗੀ। ਹਾਲਾਂਕਿ 3 ਜਨਵਰੀ ਨੂੰ ਮੌਸਮ ਸਾਫ਼ ਹੋਣ ਤੋਂ ਬਾਅਦ ਤਾਪਮਾਨ ਵਿੱਚ ਹੌਲੀ–ਹੌਲੀ ਵਾਧਾ ਹੋਣ ਦੀ ਸੰਭਾਵਨਾ ਹੈ।

ਇੱਕ ਮਹੀਨੇ ਤੋਂ ਛਾਈ ਧੁੰਦ

ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਦੇ ਨੀਵੇਂ ਇਲਾਕਿਆਂ ਵਿੱਚ ਪਿਛਲੇ ਕਰੀਬ ਇੱਕ ਮਹੀਨੇ ਤੋਂ ਲਗਾਤਾਰ ਧੁੰਦ ਛਾਈ ਹੋਈ ਹੈ। ਇਸ ਕਾਰਨ ਸਵੇਰ ਅਤੇ ਰਾਤ ਦੇ ਸਮੇਂ ਠੰਡ ਹੋਰ ਵੱਧ ਮਹਿਸੂਸ ਹੋ ਰਹੀ ਹੈ। ਧੁੰਦ ਦਾ ਸਿੱਧਾ ਅਸਰ ਸੜਕ, ਰੇਲ ਅਤੇ ਹਵਾਈ ਆਵਾਜਾਈ ‘ਤੇ ਪੈ ਰਿਹਾ ਹੈ।

ਚੰਡੀਗੜ੍ਹ ਏਅਰਪੋਰਟ ‘ਤੇ ਪਿਛਲੇ ਸੱਤ ਦਿਨਾਂ ਤੋਂ ਰੋਜ਼ਾਨਾ 5 ਤੋਂ 7 ਉਡਾਣਾਂ ਰੱਦ ਹੋ ਰਹੀਆਂ ਹਨ, ਜਦਕਿ ਕਈ ਫਲਾਈਟਾਂ ਦੇਰੀ ਨਾਲ ਚਲ ਰਹੀਆਂ ਹਨ। ਟ੍ਰੇਨਾਂ ਦੀ ਰਫ਼ਤਾਰ ਵੀ ਹੌਲੀ ਪੈ ਗਈ ਹੈ। ਪੰਜਾਬ ਦੇ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਕਈ ਵਾਰ ਵਿਜ਼ੀਬਿਲਟੀ ਸਿਫ਼ਰ ਤੱਕ ਪਹੁੰਚ ਗਈ ਹੈ।