Mohali Blast: ਪੰਜਾਬ ਦੇ ਮੁਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਸੋਮਵਾਰ ਨੂੰ ਹੋਏ ਹਮਲੇ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ ਨੇ ਧਮਕੀ ਦਿੱਤੀ ਹੈ। ਇਸ ਧਮਕੀ 'ਚ ਕਿਹਾ ਗਿਆ ਹੈ ਕਿ ਮੁਹਾਲੀ 'ਚ ਇੰਟੈਲੀਜੈਂਸ ਦਫਤਰ 'ਤੇ ਹੋਏ ਹਮਲੇ ਤੋਂ ਸਿੱਖੋ, ਅਜਿਹਾ ਸ਼ਿਮਲਾ 'ਚ ਵੀ ਹੋ ਸਕਦਾ ਹੈ।


ਇਸ ਧਮਕੀ ਵਿੱਚ ਅੱਗੇ ਕਿਹਾ ਗਿਆ ਹੈ ਕਿ ਸਿੱਖਸ ਫਾਰ ਜਸਟਿਸ ਨੇ ਧਰਮਸ਼ਾਲਾ ਵਿੱਚ ਝੰਡੇ ਲਗਾਏ ਹਨ, ਇਸ ਭਾਈਚਾਰੇ ਨੂੰ ਨਾ ਭੜਕਾਓ, ਨਹੀਂ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ।


 


ਦੱਸ ਦਈਏ ਕਿ ਮੁਹਾਲੀ ਦੇ ਸੈਕਟਰ-77 ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਦੀ ਇਮਾਰਤ ਵਿੱਚ ਜ਼ੋਰਦਾਰ ਧਮਾਕਾ ਹੋਇਆ ਸੀ। ਇਹ ਧਮਾਕਾ ਰਾਕੇਟ ਦਾਗ ਕੇ ਕੀਤਾ ਗਿਆ ਸੀ। ਪੁਲਿਸ ਨੇ ਇਸ ਸਬੰਧੀ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦਾ ਤਾਰ ਖਾਲਿਸਤਾਨੀਆਂ ਨਾਲ ਜੁੜਦੇ ਦਿਖਾਈ ਦੇ ਰਹੇ ਹਨ।


ਇਸ ਤੋਂ ਪਹਿਲਾਂ ਧਰਮਸ਼ਾਲਾ ਵਿੱਚ ਹਿਮਾਚਲ ਵਿਧਾਨ ਸਭਾ ਦੇ ਗੇਟ ਉੱਪਰ ਖਾਲਿਸਤਾਨ ਦੇ ਝੰਡੇ ਲਾਏ ਗਏ ਸੀ। ਹਿਮਾਚਲ ਦੇ ਮੁੱਖ ਮੰਤਰੀ ਦਾ ਦਾਅਵਾ ਸੀ ਕਿ ਇਹ ਦੇਸ਼ ਵਿਰੋਧੀ ਤਾਕਤਾਂ ਦਾ ਕੰਮ ਹੈ। ਹਿਮਚਾਲ ਦੇ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਵੀ ਸਵਾਲ ਉਠਾਏ ਸੀ। 


ਉਧਰ, ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁਹਾਲੀ ਧਮਾਕੇ ਨੂੰ ਕਾਇਰਤਾ ਭਰੀ ਕਾਰਵਾਈ ਕਿਹਾ ਹੈ। ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਹੈ ਕਿ ਮੁਹਾਲੀ ਧਮਾਕਾ ਉਨ੍ਹਾਂ ਲੋਕਾਂ ਦੀ ਕਾਇਰਤਾ ਭਰੀ ਕਾਰਵਾਈ ਹੈ ਜੋ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਉਨ੍ਹਾਂ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੋਣ ਦੇਵੇਗੀ। ਸਮੂਹ ਪੰਜਾਬ ਵਾਸੀਆਂ ਦੇ ਸਹਿਯੋਗ ਨਾਲ ਹਰ ਹਾਲਤ ਵਿੱਚ ਅਮਨ ਸ਼ਾਂਤੀ ਬਣਾਈ ਰੱਖੀ ਜਾਵੇਗੀ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ।