ਪਟਿਆਲਾ: ਡੇਰਾ ਸਿਰਸਾ ਦੇ ਮੁਖੀ ਨੂੰ ਬਲਾਤਕਾਰ ਦੇ ਦੋਸ਼ ਵਿੱਚ ਸਜ਼ਾ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦਾ ਰਿਪੋਰਟ ਕਾਰਡ ਜਾਰੀ ਕਰ ਦਿੱਤਾ ਹੈ। ਇਸ ਵਿੱਚ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੰਗੇ ਨੰਬਰ ਦਿੰਦਿਆਂ ਪਾਸ ਕੀਤਾ ਹੈ, ਉੱਥੇ ਦੂਜੇ ਪਾਸੇ ਹਰਿਆਣਾ ਸਰਕਾਰ ਨੂੰ ਹਰ ਮੋਰਚੇ 'ਤੇ ਫੇਲ੍ਹ ਕਰਾਰ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪੂਰਨਤਾ ਦਿਵਸ 'ਤੇ ਪਟਿਆਲਾ ਪਹੁੰਚੇ ਕਮੇਟੀ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਮੁੱਚੀ ਨਿਆਂ ਪ੍ਰਣਾਲੀ ਦੀ ਸ਼ਲਾਘਾ ਕਰਦੇ ਹਨ ਕਿ ਉਨ੍ਹਾਂ ਲੋਕਾਂ ਦਾ ਕਾਨੂੰਨ ਪ੍ਰਤੀ ਵਿਸ਼ਵਾਸ ਹੋਰ ਵੀ ਵਧਾ ਲਿਆ ਹੈ। ਪ੍ਰੋ. ਬਡੂੰਗਰ ਨੇ ਮੀਡੀਆ ਦੀ ਸਿਫ਼ਤ ਕਰਦਿਆਂ ਕਿਹਾ ਕਿ ਉਨ੍ਹਾਂ ਲੋਕਾਂ ਸਾਹਮਣੇ ਸੱਚ ਲਿਆਉਣ ਵਿੱਚ ਕੋਈ ਝਿਜਕ ਨਹੀਂ ਮੰਨੀ। ਇਸ ਤੋਂ ਇਲਾਵਾ ਉਨ੍ਹਾਂ ਹਰਿਆਣਾ ਸਰਕਾਰ ਨੂੰ ਕਰੜੇ ਹੱਥਾਂ ਵਿੱਚ ਲੈਂਦਿਆਂ ਕਿਹਾ ਕਿ ਸਰਕਾਰ ਨੇ ਸਥਿਤੀ ਕਾਬੂ ਹੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਸਹੀ ਤਰੀਕੇ ਨਾਲ ਚੱਲਦੀ ਤਾਂ ਕਾਨੂੰਨ ਵਿਵਸਥਾ ਨਾ ਵਿਗੜਦੀ।