ਬਠਿੰਡਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 523 ਮੁਲਜ਼ਮਾਂ ਨੂੰ ਨੌਕਰੀਓਂ ਕੱਢੇ ਜਾਣ ਦੇ ਮਾਮਲੇ 'ਤੇ ਪਏ ਰੱਫੜ ਦਾ ਅੰਤ ਜਲਦ ਹੋ ਸਕਦਾ ਹੈ। ਐਸਜੀਪੀਸੀ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਮੁੜ ਬਹਾਲ ਜਾਂ ਬਰਖ਼ਾਸਤ ਕਰਨ ਬਾਰੇ ਸਬ ਕਮੇਟੀ ਦਾ ਗਠਨ ਕੀਤਾ ਹੈ ਜੋ 15 ਦਿਨਾਂ ਤਕ ਆਪਣਾ ਅੰਤਮ ਫੈਸਲਾ ਕਰੇਗੀ। ਇਹ ਫੈਸਲਾ ਸ੍ਰੀ ਦਮਦਮਾ ਸਾਹਿਬ ਵਿਖੇ ਐਸਜੀਪੀਸੀ ਦੀ ਅੰਤ੍ਰਿਗ ਕਮੇਟੀ ਦੀ ਬੈਠਕ ਵਿੱਚ ਹੋਇਆ। ਇਨ੍ਹਾਂ ਮੁਲਾਜ਼ਮਾਂ ਨੂੰ ਗੋਬਿੰਦ ਸਿੰਘ ਲੌਂਗੋਵਾਲ ਦੇ ਪਿਛਲੇ ਕਾਰਜਕਾਲ ਦੌਰਾਨ ਨੌਕਰੀਓਂ ਲਾਂਭੇ ਕੀਤਾ ਗਿਆ ਸੀ।


ਬੈਠਕ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸਬ ਕਮੇਟੀ ਉਨ੍ਹਾਂ ਮੁਲਾਜ਼ਮਾਂ ਨਾਲ ਵੀ ਰਾਬਤਾ ਕਰੇਗੀ ਤੇ 15 ਦਿਨਾਂ ਵਿੱਚ ਆਪਣੀ ਰੀਵਿਊ ਰਿਪੋਰਟ ਦੇਵੇਗੀ। ਕਮੇਟੀ ਪ੍ਰਧਾਨ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਵੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ, ਜਿੱਥੇ ਐਸਜੀਪੀਸੀ ਦੀ ਸ਼ਮੂਲੀਅਤ ਵੀ ਹੋਵੇਗੀ।

ਲੌਂਗੋਵਾਲ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜਨਮ ਸ਼ਤਾਬਦੀ ਨੂੰ ਸਮਰਪਿਤ ਸੋਨੇ ਤੇ ਚਾਂਦੀ ਦੇ ਸਿੱਕੇ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ ਇਹ ਸਿੱਕੇ ਤਿਆਰ ਹਨ। ਉਨ੍ਹਾਂ ਦੱਸਿਆ ਕਿ ਇਹ ਸਿੱਕੇ ਭਲਕੇ ਤੋਂ ਸ਼ਰਧਾਲੂਆਂ ਨੂੰ ਮਿਲਣੇ ਸ਼ੁਰੂ ਹੋ ਜਾਣਗੇ।