ਸ਼੍ਰੋਮਣੀ ਕਮੇਟੀ ਨੇ ਬਡੂੰਗਰ ਵੇਲੇ ਭਰਤੀ 523 ਮੁਲਾਜ਼ਮ ਘਰ ਤੋਰੇ
ਏਬੀਪੀ ਸਾਂਝਾ | 01 Apr 2018 12:39 PM (IST)
ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਦੌਰਾਨ ਭਰਤੀ ਕੀਤੇ 523 ਮੁਲਾਜ਼ਮ ਘਰ ਤੋਰ ਦਿੱਤੇ ਹਨ। ਇਸ ਭਰਤੀ ਉੱਪਰ ਸਵਾਲ ਉੱਠੇ ਸੀ। ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵੇਲੇ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ। ਇਸ ਦੀ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਪੁੱਜੀ ਸੀ। ਇਸ ਮਗਰੋਂ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਸਬ ਕਮੇਟੀ ਦਾ ਗਠਨ ਕਰਕੇ ਮੁਲਾਜ਼ਮਾਂ ਦੀ ਭਰਤੀ ਦੌਰਾਨ ਬੇਨਿਯਮੀਆਂ ਦੀ ਪੜਤਾਲ ਕਰਵਾਈ ਗਈ ਸੀ। ਕਮੇਟੀ ਦੀ ਰਿਪੋਰਟ ਅਨੁਸਾਰ 523 ਅਜਿਹੇ ਮੁਲਾਜ਼ਮਾਂ ਦੇ ਨਾਂ ਸਾਹਮਣੇ ਆਏ। ਸ਼੍ਰੋਮਣੀ ਕਮੇਟੀ ਨੇ ਹੁਕਮ ਜਾਰੀ ਕੀਤੇ ਹਨ ਕਿ ਮੁਲਾਜ਼ਮਾਂ ਨੂੰ 31 ਮਾਰਚ, 2018 ਤੋਂ ਫਾਰਗ ਕਰ ਦਿੱਤਾ ਜਾਵੇ। ਉਨ੍ਹਾਂ ਮੁਲਾਜ਼ਮ ਦਾ ਬਣਦਾ ਬਕਾਇਆ ਨਿਯਮਾਂ ਅਨੁਸਾਰ ਖਾਤਿਆਂ ‘ਚ ਜਮ੍ਹਾਂ ਕਰਵਾ ਦਿੱਤਾ ਜਾਵੇ। ਇਹ ਮੁਲਾਜ਼ਮ ਗੁਰਦੁਆਰਿਆਂ ਤੇ ਸਿੱਖਿਆ ਸੰਸਥਾਵਾਂ ਵਿੱਚ ਭਰਤੀ ਕੀਤੇ ਗਏ ਸੀ। ਮੰਨਿਆ ਜਾਂਦਾ ਹੈ ਕਿ ਇਹ ਭਰਤੀ ਹੀ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦੀ ਛੁੱਟੀ ਦਾ ਵੀ ਕਾਰਨ ਬਣੀ ਸੀ।