ਪਰਮਜੀਤ ਸਿੰਘ


ਅੰਮ੍ਰਿਤਸਰ: ਕੋਰੋਨਾ ਵਾਇਰਸ ਕਾਰਨ ਲਾਏ ਗਏ ਕਰਫਿਊ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਰੁਕੇ ਸ਼ਰਧਾਲੂਆਂ ਤੇ ਅੰਮ੍ਰਿਤਸਰ ਸ਼ਹਿਰ ਅੰਦਰ ਫਸੇ ਕੁਝ ਲੋਕਾਂ ਨੂੰ ਜੰਮੂ ਤੱਕ ਪਹੁੰਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਬੱਸਾਂ ਰਵਾਨਾਂ ਕੀਤੀਆਂ ਗਈਆਂ।



ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ’ਤੇ ਪ੍ਰਸ਼ਾਸਨ ਦੀ ਪ੍ਰਵਾਨਗੀ ਨਾਲ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਦਿੱਲੀ, ਹਰਿਆਣਾ, ਉਤਰ ਪ੍ਰਦੇਸ਼, ਗੁਜਰਾਤ ਤੇ ਪੰਜਾਬ ਦੇ ਕੁਝ ਇਲਾਕਿਆਂ ਦੇ ਲੋਕਾਂ ਨੂੰ ਘਰ ਪਹੁੰਚਾਇਆ ਜਾ ਚੁੱਕਾ ਹੈ। ਇਸੇ ਤਹਿਤ ਹੀ ਅੱਜ ਦੋ ਬੱਸਾਂ ਜੰਮੂ ਲਈ ਭੇਜੀਆਂ ਗਈਆਂ, ਜਿਨ੍ਹਾਂ ਵਿੱਚ 60 ਦੇ ਕਰੀਬ ਲੋਕ ਸਵਾਰ ਸਨ।



ਬੱਸਾਂ ਨੂੰ ਇਥੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਰਵਾਨਾ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਲੋਕ ਭਲਾਈ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਅਤੇ ਮੌਜੂਦਾ ਸੰਕਟ ਸਮੇਂ ਵੀ ਲੋਕਾਂ ਦੀ ਮੱਦਦ ਲਈ ਕਾਰਜ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ 'ਚ ਕੁਝ ਲੋਕ ਕਸ਼ਮੀਰ ਦੇ ਵੀ ਹਨ। ਜਿਨ੍ਹਾਂ ਨੂੰ ਜੰਮੂ ਸ਼ਹਿਰ ਤੱਕ ਲਿਜਾਇਆ ਜਾਵੇਗਾ।


ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ ਰੂਪ ਸਿੰਘ ਅਨੁਸਾਰ ਇਸ ਸਮੇਂ ਕੁਝ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੀਆਂ ਸਰਾਂਵਾਂ ਵਿੱਚ ਠਹਿਰੀਆਂ ਹੋਈਆਂ ਹਨ। ਇਨ੍ਹਾਂ ਵਿੱਚ ਟਾਟਾ ਨਗਰ ਤੇ ਮਹਾਂਰਾਸ਼ਟਰ ਸਮੇਤ ਕੁਝ ਹੋਰ ਸ਼ਹਿਰਾਂ ਤੋਂ ਵੀ ਹਨ। ਫਿਲਹਾਲ ਜਿਥੋਂ ਦਾ ਪ੍ਰਬੰਧ ਆਸਾਨੀ ਨਾਲ ਹੋ ਰਿਹਾ ਹੈ, ਉਥੋਂ ਲਈ ਬੱਸਾਂ ਰਾਹੀਂ ਸੰਗਤ ਨੂੰ ਭੇਜਿਆ ਜਾ ਰਿਹਾ ਹੈ। ਬਾਕੀ ਸੰਗਤ ਨੂੰ ਸਰਾਂਵਾਂ ਅੰਦਰ ਸਾਵਧਾਨੀ ਵਰਤਦਿਆਂ ਠਹਿਰਾਇਆ ਗਿਆ ਹੈ।